ਖਬਰਿਸਤਾਨ ਨੈਟਵਰਕ, ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਅਕਸਰ ਗੰਭੀਰ ਮੁੱਦਿਆਂ 'ਤੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਪੰਜਾਬ 'ਚ ਵਾਪਰੀ ਘਟਨਾ ਨੂੰ ਲੈ ਕੇ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਰਾਹੀਂ ਕੰਗਨਾ ਨੇ ਗਰਮ ਖਿਆਲੀਆਂ ਨੂੰ ਵੀ ਵੱਡੀ ਸਲਾਹ ਦਿੱਤੀ ਹੈ।
ਕੰਗਨਾ ਰਣੌਤ ਨੇ ਸਾਂਝੀ ਕੀਤੀ ਪੋਸਟ
ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ 'ਚ ਵੀਰਵਾਰ ਨੂੰ ਅਜਨਾਲਾ ਥਾਣੇ 'ਤੇ ਹਮਲਾ ਹੋਇਆ। ਇਸ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਥਾਣਾ ਅਜਨਾਲਾ ਦੀ ਪੁਲੀਸ ਨੂੰ ਕਾਬੂ ਕਰ ਲਿਆ ਗਿਆ। ਪੰਜਾਬ ਦੇ ਬੇਕਾਬੂ ਹਾਲਾਤ ਨੇ ਦੇਸ਼ ਭਰ ਦੇ ਲੋਕਾਂ ਦੇ ਦਿਲਾਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਕੰਗਨਾ ਰਣੌਤ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਆਪਣੇ ਦਿਲ ਦੀ ਗੱਲ ਕਹੀ ਹੈ।
ਪੰਜਾਬ ਦੇ ਹਾਲਾਤ 'ਤੇ ਆਪਣੀ ਰਾਏ ਰੱਖਦੇ ਹੋਏ ਕੰਗਨਾ ਲਿਖਦੀ ਹੈ, 'ਪੰਜਾਬ 'ਚ ਜੋ ਵੀ ਹੋ ਰਿਹਾ ਹੈ, ਮੈਂ ਦੋ ਸਾਲ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ। ਮੇਰੇ ਖਿਲਾਫ ਕਈ ਕੇਸ ਦਰਜ ਕੀਤੇ ਗਏ। ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਮੇਰੀ ਕਾਰ 'ਤੇ ਪੰਜਾਬ 'ਚ ਹਮਲਾ ਹੋਇਆ, ਪਰ ਜੋ ਮੈਂ ਕਿਹਾ ਉਹ ਹੋਇਆ, ਨਹੀਂ? ਪਰ ਹੁਣ ਸਮਾਂ ਆ ਗਿਆ ਹੈ ਜਦੋਂ ਗਰਮ ਖਿਆਲੀ ਆਪਣੀ ਸਥਿਤੀ ਅਤੇ ਇਰਾਦੇ ਸਾਫ਼ ਕਰਨ।
ਕੰਗਨਾ ਨੇ ਦੋ ਸਾਲ ਪਹਿਲਾਂ ਕੀ ਕਿਹਾ ਸੀ?
ਦੋ ਸਾਲ ਪਹਿਲਾਂ ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਬਹੁਤ ਬੁਰਾ-ਭਲਾ ਕਿਹਾ ਸੀ। ਕੰਗਨਾ ਦੇ ਇਸ ਪੋਸਟ ਨੂੰ ਲੈ ਕੇ ਹਰ ਪਾਸੇ ਕਾਫੀ ਵਿਵਾਦ ਹੋਇਆ ਸੀ। ਇੱਥੋਂ ਤੱਕ ਕਿ ਕਈ ਸ਼ਹਿਰਾਂ ਵਿੱਚ ਉਸ ਖ਼ਿਲਾਫ਼ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਸਨ। ਇਸ ਪੂਰੇ ਵਿਵਾਦ ਤੋਂ ਬਾਅਦ ਜਦੋਂ ਕੰਗਨਾ ਪੰਜਾਬ ਪਹੁੰਚੀ ਤਾਂ ਉਨ੍ਹਾਂ ਦੀ ਕਾਰ ਨੂੰ ਕਿਸਾਨਾਂ ਨੇ ਘੇਰ ਲਿਆ।
ਇਸ ਘਟਨਾ ਬਾਰੇ ਗੱਲ ਕਰਦੇ ਹੋਏ ਕੰਗਨਾ ਰਣੌਤ ਨੇ ਇੱਕ ਇੰਸਟਾਗ੍ਰਾਮ ਪੋਸਟ ਕੀਤਾ ਸੀ, ਜਿਸ ਵਿੱਚ ਉਸਨੇ ਦੱਸਿਆ ਸੀ ਕਿ ਪੰਜਾਬ ਵਿੱਚ ਦਾਖਲ ਹੁੰਦੇ ਹੀ ਉਸਦੀ ਕਾਰ ਨੂੰ ਘੇਰ ਲਿਆ ਗਿਆ ਅਤੇ ਹਮਲਾ ਕੀਤਾ ਗਿਆ। ਦੂਜੇ ਪਾਸੇ ਜਦੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਤੇ ਹਮਲਾ ਹੋਇਆ ਤਾਂ ਕੰਗਣਾ ਨੂੰ ਦੋ ਸਾਲ ਪਹਿਲਾਂ ਕਹੀ ਗੱਲ ਯਾਦ ਆ ਗਈ।
ਪੰਜਾਬ ਦੇ ਅਜਨਾਲਾ 'ਚ ਹੋਏ ਹੰਗਾਮੇ ਤੋਂ ਬਾਅਦ ਪੰਜਾਬ ਪੁਲਿਸ 'ਤੇ ਖਾਲਿਸਤਾਨ ਸਮਰਥਕਾਂ ਪ੍ਰਤੀ ਨਰਮੀ ਵਰਤਣ ਦੇ ਇਲਜ਼ਾਮ ਲੱਗ ਰਹੇ ਹਨ। ਉਧਰ, ਪੰਜਾਬ ਦੇ ਡੀਜੀਪੀ ਦਾ ਕਹਿਣਾ ਹੈ ਕਿ ਪੁਲਿਸ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ। ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਮਰਥਕਾਂ ਨੂੰ ਬਖਸ਼ਣ ਵਾਲੀ ਨਹੀਂ ਹੈ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ