ਖਬਰਿਸਤਾਨ ਨੈੱਟਵਰਕ- ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਚ ਇਕ ਭਿਆਨਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਹਾਦਸਾ ਚੁਰਾਹ ਵਿਚ ਦੇਰ ਰਾਤ ਵਾਪਰਿਆ ਹੈ। ਜਾਣਕਾਰੀ ਅਨੁਸਾਰ ਇਕ ਕਾਰ ਆਊਟ ਆਫ ਕੰਟਰੋਲ ਹੋ ਗਈ, ਜਿਸ ਕਾਰਣ ਕਾਰ ਕਰੀਬ 500 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਕਾਰ ’ਚ ਸਵਾਰ ਦੋ ਵਿਅਕਤੀ, ਦੋ ਔਰਤਾਂ ਤੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਵਿਚ 6 ਮੌਤਾਂ
ਪੁਲਸ ਟੀਮ ਮੌਕੇ ’ਤੇ ਪੁੱਜੀ ਤੇ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਪੁਲਿਸ ਵਲੋਂ ਮਾਮਲਾ ਦਰਜ ਕਰ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜਦੋਂ ਕਾਰ ਭੰਜਰਾਰੂ ਤੋਂ ਸ਼ਵਾਹਾ ਵੱਲ ਜਾ ਰਹੀ ਸੀ ਤਾਂ ਪਧਰੀ ਨਾਂ ਦੀ ਥਾਂ ’ਤੇ ਹਾਦਸਾਗ੍ਰਸਤ ਹੋ ਗਈ। ਇਸ਼ ਦਰਦਨਾਕ ਹਾਦਸੇ ਵਿਚ 6 ਲੋਕਾਂ ਦੀ ਜਾਨ ਚਲੀ ਗਈ।
ਖੜ੍ਹੀ ਚੜ੍ਹਾਈ ਨਹੀਂ ਚੜ੍ਹ ਸਕੀ ਕਾਰ
ਜਾਣਕਾਰੀ ਅਨੁਸਾਰ ਜਿਥੇ ਹਾਦਸਾ ਹੋਇਆ ਇਸ ਥਾਂ ’ਤੇ ਇਕ ਖੜ੍ਹੀ ਚੜ੍ਹਾਈ ’ਤੇ ਇਕ ਸੜਕ ਹੈ। ਖੜ੍ਹੀ ਚੜ੍ਹਾਈ ’ਤੇ ਚੜ੍ਹਦੇ ਸਮੇਂ ਕਾਰ ਅੱਗੇ ਨਹੀਂ ਵਧ ਸਕੀ। ਜਿਸ ਕਾਰਨ ਕਾਰ ਤੇਜ਼ੀ ਨਾਲ ਪਿੱਛੇ ਵੱਲ ਵਧਣ ਲੱਗੀ। ਇਸ ਦੌਰਾਨ, ਡਰਾਈਵਰ ਦੇ ਕੁਝ ਕਰਨ ਤੋਂ ਪਹਿਲਾਂ, ਕਾਰ ਤੇਜ਼ੀ ਨਾਲ ਖੱਡ ਵਿਚ ਡਿੱਗ ਗਈ। ਉਸੇ ਸਮੇਂ, ਖੱਡ ਵਿਚ ਡਿੱਗਦੇ ਹੀ ਕਾਰ ਚਕਨਾਚੂਰ ਹੋ ਗਈ। ਕਾਰ ਡਿੱਗਦੀ ਦੇਖ ਕੇ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਰ ਖੱਡ ਡੂੰਘੀ ਹੋਣ ਕਾਰਨ ਸਾਰੇ ਕਾਰ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਸਥਾਨਕ ਲੋਕਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਟੀਸਾ ਲਿਜਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ
ਮ੍ਰਿਤਕਾਂ ਵਿਚ ਨਰੇਨ ਸਿੰਘ ਦਾ ਪੁੱਤਰ ਰਾਜੇਸ਼ ਕੁਮਾਰ (40), ਉਸ ਦੀ ਪਤਨੀ ਹੰਸੋ (36), ਧੀ ਆਰਤੀ (17) ਅਤੇ ਪੁੱਤਰ ਦੀਪਕ (15) ਸ਼ਾਮਿਲ ਹਨ ਤੇ ਸਾਰੇ ਬੁਲਵਾਸ ਜੰਗਰਾ ਦੇ ਵਸਨੀਕ ਦੱਸੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ, ਰਾਕੇਸ਼ ਕੁਮਾਰ (44) ਪੁੱਤਰ ਹਰੀ ਸਿੰਘ ਨਿਵਾਸੀ ਬੁਲਵਾਸ ਅਤੇ ਡਰਾਈਵਰ ਹੇਮਪਾਲ (37) ਪੁੱਤਰ ਇੰਦਰ ਸਿੰਘ ਨਿਵਾਸੀ ਸਲਾਂਚਾ ਭੰਜਰਾਡੂ ਦੀ ਵੀ ਮੌਤ ਹੋ ਗਈ।