ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਅਗਲੇ 48 ਘੰਟਿਆਂ ਤੱਕ ਮੌਸਮ ਆਮ ਵਾਂਗ ਰਹੇਗਾ। ਜੁਲਾਈ ਮਹੀਨੇ ਮਾਨਸੂਨ ਸੁਸਤ ਰਿਹਾ ਹੈ। ਇਸ ਮਹੀਨੇ ਸਿਰਫ਼ 113.1 ਮਿਮੀ ਬਾਰਸ਼ ਹੀ ਹੋਈ ਹੈ। ਜੋਕਿ ਆਮ ਨਾਲੋਂ 10 ਫੀਸਦੀ ਘੱਟ ਹੈ। ਸੂਬੇ ‘ਚ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ। ਸਭ ਤੋਂ ਵੱਧ ਤਾਪਮਾਨ ਲੁਧਿਆਣਾ ‘ਚ 37.3 ਦਰਜ ਕੀਤਾ ਗਿਆ ਹੈ। ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ‘ਚ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ 27 ਜੁਲਾਈ ਤੋਂ ਮੌਸਮ ‘ਚ ਬਦਲਾਅ ਨਜ਼ਰ ਆਵੇਗਾ । ਐਤਵਾਰ 27 ਜੁਲਾਈ ਨੂੰ ਮੀਂਹ ਦਾ ਸਿਲਸਿਲਾ ਮੁੜ ਸ਼ੁਰੂ ਹੋਵੇਗਾ। 27-28 ਜੁਲਾਈ ਨੂੰ ਸੂਬੇ ‘ਚ ਯੈੱਲੋ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੂਪਨਗਰ ‘ਚ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ‘ਚ ਅੰਮ੍ਰਿਤਸਰ, ਜਲੰਧਰ , ਲੁਧਿਆਣਾ ਤੇ ਮੋਹਾਲੀ ‘ਚ ਅੱਜ ਹਲਕੇ ਬੱਦਲ ਛਾਏ ਰਹਿਣਗੇ। ਹਾਲਾਂਕਿ ਬਾਰਸ਼ ਨੂੰ ਲੈ ਕੇ ਸੂਬੇ ‘ਚ ਅੱਜ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਬੀਤੇ ਦਿਨੀਂ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪਿਆ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। 48 ਘੰਟਿਆਂ ਤੱਕ ਮੌਸਮ ਆਮ ਰਹਿਣ ਵਾਲਾ ਹੈ।
ਬਾਕੀ ਰਾਜਾਂ ‘ਚ ਮੌਸਮ ਦਾ ਹਾਲ
ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌਤ
ਵੀਰਵਾਰ ਨੂੰ ਪੱਛਮੀ ਬੰਗਾਲ ਦੇ ਬਾਂਕੁਰਾ ਅਤੇ ਪੂਰਬਾ ਬਰਧਮਾਨ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ, ਓਡੀਸ਼ਾ ਪੁਲਿਸ ਨੇ ਗੰਧਮਾਰਦਨ ਪਹਾੜੀਆਂ ‘ਤੇ ਫਸੇ 17 ਸੈਲਾਨੀਆਂ ਨੂੰ ਬਚਾਇਆ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਸੜਕ ਡਿੱਗਣ ਕਾਰਨ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਰਾਜ ਵਿੱਚ ਹੁਣ ਤੱਕ ਕੁੱਲ 147 ਮੌਤਾਂ ਹੋ ਚੁੱਕੀਆਂ ਹਨ। ਇਸ ਦੌਰਾਨ 1387 ਕਰੋੜ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।
ਕੰਨੜ ਜ਼ਿਲ੍ਹੇ ‘ਚ ਸਕੂਲ ਬੰਦ ਰੱਖਣ ਦੇ ਆਦੇਸ਼
ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ, ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਕਿਹਾ ਕਿ 28 ਜੁਲਾਈ ਤੱਕ ਇਨ੍ਹਾਂ ਖੇਤਰਾਂ ਵਿੱਚ 55 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਕਾਰਨ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਸਾਰੇ ਜ਼ਿਲ੍ਹਿਆਂ ਦੇ ਕੁਲੈਕਟਰਾਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਵਿੱਚ ਮੀਂਹ ਕਾਰਨ ਸ਼ੁੱਕਰਵਾਰ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।