ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਮੁੱਖ ਮੰਤਰੀ ਧੂਰੀ ਵਿਖੇ ਪਹੁੰਚੇ ਹਨ, ਉਨ੍ਹਾਂ ਨੇ ਧੂਰੀ ਹਲਕੇ ਦੇ 7 ਪਿੰਡਾਂ ਦੇ ਵਿਕਾਸ ਲਈ 31 ਕਰੋੜ 30 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਇਹ ਲੋਕਾਂ ਦਾ ਪੈਸਾ ਹੈ ਜੋ ਲੋਕਾਂ ਦੀ ਭਲਾਈ ‘ਤੇ ਲੱਗੇਗਾ। ਪਿਛਲੀਆਂ ਸਰਕਾਰਾਂ ਵੇਲੇ ਪੰਜਾਬ ਦੇ ਪਿੰਡਾਂ ਨੂੰ ਐਲਾਨ ਰਾਸ਼ੀ ਤੋਂ ਵੀ ਘੱਟ ਗ੍ਰਾਂਟਾਂ ਦਾ ਪੈਸਾ ਮਿਲਦਾ ਸੀ। ਪਰ ਸਾਡੀ ਸਰਕਾਰ ਦੌਰਾਨ ਪੰਜਾਬ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਪੰਚਾਇਤਾਂ ਤੇ ਸਰਪੰਚਾਂ ਨੂੰ ਸਹਿਯੋਗ ਦੇ ਰਹੇ ਹਾਂ, ਕਿਸਾਨਾਂ ਨੂੰ ਖੇਤੀ ਬਿਜਲੀ ਨਾਲ ਹੁੰਦੀ ਖੱਜਲ ਖੁਆਰੀ ਬੰਦ ਕਰ ਦਿੱਤੀ ਹੈ, ਹੁਣ ਵਾਧੂ ਬਿਜਲੀ ਤੇ ਉਹ ਵੀ ਦਿਨ ਵੇਲੇ ਦਿੱਤੀ ਜਾ ਰਹੀ ਹੈ। ਸੜਕਾਂ ‘ਤੇ ਰਾਹਗੀਰਾਂ ਦੇ ਪੈਸੇ ਬਚਾਉਣ ਲਈ ਹੁਣ ਤੱਕ 18 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਨ। ਬਿਜਲੀ ਸਾਰੇ ਪਰਿਵਾਰਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ, ਕਿੰਨੇ ਹੀ ਪੈਸੇ ਆਮ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆਉਣ ਕਾਰਨ ਬੱਚ ਰਹੇ ਹਨ।
ਸਰਕਾਰ ਕਿਸੇ ਦੀ ਜ਼ਮੀਨ ਜ਼ਬਰਦਸਤੀ ਨਹੀਂ ਲੈ ਰਹੀ-CM ਮਾਨ
ਸਰਕਾਰ ਜ਼ਮੀਨ ਐਕੁਆਇਰ ਨਹੀਂ ਕਰ ਰਹੀ। ਰਜਿਸਟ੍ਰੇਸ਼ਨ ‘ਤੇ ਕੋਈ ਪਾਬੰਦੀ ਨਹੀਂ ਹੈ। ਲੈਂਡ ਪੂਲਿੰਗ ਬਾਰੇ, ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਕਿਸੇ ਦੀ ਜ਼ਮੀਨ ਜ਼ਬਰਦਸਤੀ ਨਹੀਂ ਲੈ ਰਹੀ, ਇਹ ਪੂਰੀ ਤਰ੍ਹਾਂ ਸਵੈਇੱਛਤ ਹੈ – ਜੇ ਕਿਸਾਨ ਚਾਹੇ ਤਾਂ ਉਹ ਜ਼ਮੀਨ ਦੇ ਸਕਦਾ ਹੈ, ਜੇ ਉਹ ਨਹੀਂ ਚਾਹੁੰਦਾ ਤਾਂ ਨਹੀਂ ਦੇ ਸਕਦਾ। ਉਨ੍ਹਾਂ ਲੈਂਡ ਪੂਲਿੰਗ ਦੇ ਫਾਇਦਿਆਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ ਵਿਰੋਧੀ ਨੇਤਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਸਾਡੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਜ਼ਮੀਨ ਦਾ ਪੈਸਾ ਮਿਲੇ। ਪਹਿਲਾਂ ਜਦੋਂ ਜ਼ਮੀਨ ਐਕੁਆਇਰ ਕੀਤੀ ਜਾਂਦੀ ਸੀ, ਤਾਂ ਕਿਸਾਨਾਂ ਤੋਂ ਜ਼ਮੀਨ ਖਰੀਦੀ ਜਾਂਦੀ ਸੀ। ਬਾਅਦ ਵਿੱਚ ਇਸਨੂੰ ਵੱਧ ਰੇਟਾਂ ‘ਤੇ ਵੇਚ ਦਿੱਤਾ ਜਾਂਦਾ ਸੀ।
ਉਨ੍ਹਾਂ ਨੇ ਕਿਹਾ ਕਿ 2 ਅਕਤੂਬਰ ਤੋਂ ਪੰਜਾਬ ਦੇ ਹਰ ਪਰਿਵਾਰ ਦੇ 10 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸੁਵਿਧਾ ਸ਼ੁਰੂ ਕੀਤੀ ਜਾਵੇਗੀ। ਵਿਧਾਨ ਸਭਾ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦਾ ਮਤਾ ਪਾਸ ਹੋਇਆ ਹੈ ਜਿਸ ਦੇ ਤਹਿਤ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੰਜਾਬ ਦੀਆ ਰੁਕੀਆਂ ਹੋਈਆਂ ਰਿਵਾਇਤੀ ਖੇਡਾਂ, ਜਿਵੇਂ ਬਲਦਾਂ ਦੀਆਂ ਦੌੜਾਂ, ਕਬੂਤਰਾਂ ਦੀਆਂ ਬਾਜ਼ੀਆਂ ਦੀ ਮੁੜ ਸ਼ੁਰੂਆਤ ਕੀਤੀ ਗਈ ਹੈ।