ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਪ੍ਰਸਿੱਧ ਸੰਸਥਾ “ਸਰਬੱਤ ਦਾ ਭਲਾ” ਵੱਲੋਂ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਮਰਜੋਤ ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਐਡਵੋਕੇਟ ਮਨਮੋਹਨ ਸਿੰਘ, ਗੁਰਵਿੰਦਰ ਸਿੰਘ, ਕੰਵਲਜੀਤ ਸਿੰਘ, ਐਸ.ਪੀ. ਸਿੰਘ (ਨਕੋਦਰ) ਸਮੇਤ ਕਈ ਹੋਰ ਲੋਕ ਵੀ ਮੌਜੂਦ ਰਹੇ । ਸੰਸਥਾ ਦੇ ਕਈ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ।
ਸਮਾਗਮ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਡੈਲਸਿਸ (Dialysis) ਕਿੱਟਾਂ ਮੁਫ਼ਤ ਵੰਡੀਆਂ ਗਈਆਂ। ਇਹ ਕਿੱਟਾਂ ਬਿਮਾਰ ਅਤੇ ਆਰਥਿਕ ਤੌਰ ‘ਤੇ ਪਿੱਛੜੇ ਮਰੀਜ਼ਾਂ ਲਈ ਵੱਡੀ ਸਹਾਇਤਾ ਸਾਬਤ ਹੋਣਗੀਆਂ। ਇਸਦੇ ਨਾਲ ਹੀ ਵੱਡੀ ਗਿਣਤੀ ਵਿੱਚ ਪੈਨਸ਼ਨ ਚੈੱਕ ਵੀ ਵੰਡੇ ਗਏ, ਜੋ ਸੰਸਥਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਲੋਕ-ਕਲਿਆਣ ਦੇ ਕੰਮਾਂ ਦੀ ਇਕ ਹੋਰ ਕੜੀ ਸੀ।
ਅਮਰਜੋਤ ਸਿੰਘ ਨੇ ਮੀਟਿੰਗ ਦੌਰਾਨ ਕਿਹਾ, “ਸਾਡੀ ਸੰਸਥਾ ‘ਗੁਰੂ ਨਾਨਕ ਦੀ ਬਾਣੀ’ ਨੂੰ ਮੰਨਦੀ ਹੈ, ਜੋ ‘ਸਰਬੱਤ ਦੇ ਭਲੇ’ ਦਾ ਪਾਠ ਪੜ੍ਹਾਉਂਦੀ ਹੈ। ਅਸੀਂ ਇਹ ਮੰਨਦੇ ਹਾਂ ਕਿ ਜੇਕਰ ਅਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕੀਏ, ਤਾਂ ਇਹੀ ਸਭ ਤੋਂ ਵੱਡੀ ਇਬਾਦਤ ਹੈ।”
ਇਸ ਮੌਕੇ ਹੋਰ ਕਈ ਗਤੀਵਿਧੀਆਂ ਦੀ ਰਣਨੀਤੀ ਵੀ ਤੈਅ ਕੀਤੀ ਗਈ, ਜਿਨ੍ਹਾਂ ਰਾਹੀਂ ਭਵਿੱਖ ਵਿੱਚ ਹੋਰ ਸਮਾਜਿਕ ਮੁਹਿੰਮਾਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਡਾਕਟਰ ਐਸ ਪੀ ਸਿੰਘ ਓਬਰਾਏ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਹਨ। ਜਿਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਰਹਿਨੁਮਾਈ ਹੇਠ ਇਹ ਸੰਸਥਾ ਸਾਰੀ ਦੁਨੀਆ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਜਾਣੀ ਜਾਂਦੀ ਹੈ।