ਖਬਰਿਸਤਾਨ ਨੈੱਟਵਰਕ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਕ ਵਾਰ ਫਿਰ ਤਨਖਾਹੀਆ ਘੋਸ਼ਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਦਰਅਸਲ ਸੁਖਬੀਰ ਬਾਦਲ ਨੂੰ ਤਖਤ ਸਾਹਿਬ ਉਤੇ ਤਲਬ ਕੀਤਾ ਗਿਆ ਸੀ ਪਰ ਲਗਾਤਾਰ ਦੋ ਵਾਰ ਬੁਲਾਏ ਜਾਣ ’ਤੇ ਵੀ ਸੁਖਬੀਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੇ ਚੱਲਦਿਆਂ ਪੰਜ ਪਿਆਰਿਆਂ ਵਲੋਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਟੇਕ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ। ਸੁਖਬੀਰ ਬਾਦਲ ਨੂੰ ਪਟਨਾ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ।
ਸੁਖਬੀਰ ਬਾਦਲ ਪਹਿਲਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਵੀ ਕੀਤਾ ਗਿਆ ਸੀ ਤਨਖਾਹੀਆ ਘੋਸ਼ਿਤ
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੁਝ ਮਹੀਨਿਆਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਤਨਖਾਹੀਆ ਕਰਾਰ ਦਿੱਤਾ ਸੀ। ਇਹ ਫੈਸਲਾ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਸੀ।ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਨੂੰ ਇੱਕ ਆਮ ਸਿੱਖ ਵਾਂਗ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ।ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਨਾਲ ਸਿੱਖ ਪੰਥ ਨੂੰ ਭਾਰੀ ਢਾਹ ਲੱਗੀ ਸੀ।
ਕੀ ਹੈ ਮਾਮਲਾ
ਦਰਅਸਲ, ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਭੁੱਲਾਂ ਗਲਤੀਆਂ ਲਈ ਸੁਖਬੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਾਹਿਬਾਨ ਤੇ ਸੰਗਤ ਸਨਮੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਸੀ ਤੇ ਉਦੋਂ ਤੱਕ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਹਾਲਾਂਕਿ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਨੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮੁਆਫੀ ਮੰਗੀ ਸੀ ਤੇ ਸਪੱਸ਼ਟੀਕਰਣ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਸੁਖਬੀਰ ਨੂੰ ਧਾਰਮਕ ਸਜ਼ਾ ਲਾਈ ਗਈ ਸੀ।
ਕੀ ਹੁੰਦਾ ਤਨਖ਼ਾਹੀਆ?
ਸਿੱਖ ਸੰਪਰਦਾ ਦੇ ਅਨੁਸਾਰ ਤਨਖ਼ਾਹੀਆ ਕਰਾਰ ਸਿੱਖ ਸੰਪਰਦਾ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਜਾਂਦਾ ਹੈ। ਜੇਕਰ ਕੋਈ ਸਿੱਖ ਧਾਰਮਿਕ ਤੌਰ ‘ਤੇ ਕੁਝ ਗਲਤ ਕਰਦਾ ਹੈ, ਤਾਂ ਉਸ ਲਈ ਨਜ਼ਦੀਕੀ ਸਿੱਖ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਲਈ ਮੁਆਫੀ ਮੰਗਣ ਦਾ ਪ੍ਰਬੰਧ ਹੈ।
ਫਿਰ ਸੰਗਤ ਵੱਲੋਂ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੋਸ਼ੀ ਦੇ ਕਸੂਰ ਦੀ ਸਮੀਖਿਆ ਕੀਤੀ ਜਾਂਦੀ ਹੈ। ਫਿਰ ਉਸ ਅਨੁਸਾਰ ਸਜ਼ਾ ਦਾ ਫੈਸਲਾ ਕੀਤਾ ਜਾਂਦਾ ਹੈ।
ਤਨਖ਼ਾਹੀਆ ਦਾ ਅਰਥ ਹੈ ਧਰਮ ਤੋਂ ਛੇਕਣਾ। ਜੇਕਰ ਆਮ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਸਿੱਖ ਧਰਮ ਵਿੱਚ ਤਨਖਾਹੀਆ ਨੂੰ ਧਰਮ ਤੋਂ ਛੇਕਣਾ ਹੈ। ਇਹ ਸਜ਼ਾ ਮਿਲਣ ਤੋਂ ਬਾਅਦ ਕੋਈ ਵੀ ਸਿੱਖ ਉਸ ਨਾਲ ਕੋਈ ਸੰਪਰਕ ਜਾਂ ਰਿਸ਼ਤਾ ਨਹੀਂ ਰੱਖੇਗਾ। ਵਿਆਹ ਵਰਗੇ ਪ੍ਰੋਗਰਾਮਾਂ ਵਿੱਚ ਵੀ ਕੋਈ ਸਿੱਖ ਇਨ੍ਹਾਂ ਥਾਵਾਂ ’ਤੇ ਨਹੀਂ ਜਾ ਸਕਦਾ।
ਇਹ ਸਜ਼ਾ ਮਿਲ ਸਕਦੀ ਹੈ
ਸੰਗਤ ਦੇ ਜੋੜੇ ਝਾੜਨ
ਲੰਗਰ ਦੇ ਜੂਠੇ ਭਾਂਡੇ ਮਾਂਜਣ
ਗੁਰਬਾਣੀ ਦਾ ਨਿਤਨੇਮ
ਗੁਰਬਾਣੀ ਪਾਠ ਕਰਨਾ
ਪੰਜ ਅਖੰਡ ਪਾਠ ਕਰਵਾਉਣਾ
ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਸਾਫ਼ ਕਰਨੀ