ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਇਨਸਾਨੀਅਤ ਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਇਕ ਗੁਰਸਿੱਖ ਵਿਅਕਤੀ ਨੇ ਸੜਕ ਉਤੇ ਡਿੱਗਾ ਪਰਸ ਅਤੇ ਮੋਬਾਇਲ ਉਸ ਦੇ ਮਾਲਕ ਨੂੰ ਵਾਪਸ ਕਰ ਕੇ ਈਮਾਨਦਾਰੀ ਦਿਖਾਈ। ਦਰਅਸਲ ਜਲੰਧਰ ਦੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਨਜ਼ਦੀਕ ਖਾਲਸਾ ਸਕੂਲ ਦੇ ਬਾਹਰ ਇੱਕ ਗੁਰਸਿੱਖ ਵਿਅਕਤੀ ਨੂੰ ਇੱਕ ਲਿਫਾਫੇ ਦੇ ਵਿੱਚ ਮੋਬਾਇਲ ਅਤੇ ਪਰਸ ਡਿੱਗਿਆ ਹੋਇਆ ਮਿਲਿਆ, ਜਿਸ ਤੋਂ ਬਾਅਦ ਵਿਅਕਤੀ ਦੇ ਵੱਲੋਂ ਬਿਨਾਂ ਕਿਸੇ ਲਾਲਚ ਦੇ ਮੋਬਾਇਲ ਫੋਨ ਉਸਦੇ ਮਾਲਕ ਨੂੰ ਵਾਪਸ ਦਿੱਤਾ ਗਿਆ, ਜਿਸ ਨੂੰ ਦੇਖ ਕੇ ਬਜ਼ੁਰਗ ਕਾਫੀ ਖੁਸ਼ ਹੋਇਆ ਅਤੇ ਗੁਰਸਿੱਖ ਵਿਅਕਤੀ ਨੂੰ ਕਾਫੀ ਅਸੀਸਾਂ ਵੀ ਦਿੱਤੀਆਂ।
ਗੱਲਬਾਤ ਕਰਦੇ ਹੋਏ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਡਰਾਈਵਿੰਗ ਕਰਦਾ ਹੈ ਅਤੇ ਆਪਣੀ ਗੱਡੀ ਲੋਡ ਕਰਵਾ ਰਿਹਾ ਸੀ ਕਿ ਇਸੇ ਦੌਰਾਨ ਸੜਕ ਦੇ ਉੱਤੇ ਉਸ ਨੂੰ ਇੱਕ ਲਿਫਾਫਾ ਡਿੱਗਿਆ ਮਿਲਿਆ, ਜਿਸ ਵਿੱਚ ਮੋਬਾਇਲ ਫੋਨ ਤੇ ਪਰਸ ਸੀ, ਜਿਸ ਨੂੰ ਇੱਕ ਪ੍ਰਵਾਸੀ ਵਿਅਕਤੀ ਚੁੱਕ ਕੇ ਲੈ ਕੇ ਜਾਣ ਲੱਗਾ ਸੀ ਪਰ ਉਸ ਕੋਲੋਂ ਵਾਪਸ ਲਿਆ ਗਿਆ ਤੇ ਮੋਬਾਇਲ ਤੇ ਲੋਕ ਖੁੱਲਾ ਹੋਣ ਕਰਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰਕੇ ਮੌਕੇ ਤੇ ਬੁਲਾਇਆ ਗਿਆ ਅਤੇ ਬਜ਼ੁਰਗ ਵਿਅਕਤੀ ਨੂੰ ਪਰਸ ਅਤੇ ਮੋਬਾਇਲ ਫੋਨ ਦਿੱਤਾ ਗਿਆ।
ਬਜ਼ੁਰਗ ਨੇ ਦਿੱਤੀਆਂ ਅਸੀਸਾਂ
ਬਜ਼ੁਰਗ ਸੋਮ ਦੱਤ ਸ਼ਰਮਾ ਨੇ ਕਿਹਾ ਕਿ ਮੇਰੀ ਉਮਰ 80 ਸਾਲ ਦੇ ਕਰੀਬ ਹੋ ਚੱਲੀ ਹੈ ਪਰ ਅੱਜ ਦਾ ਜੋ ਮਾਹੌਲ ਚੱਲ ਰਿਹਾ ਉਸ ਵਿੱਚ ਅਜਿਹੇ ਵਿਅਕਤੀ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ, ਜਿਸ ਨੇ ਇਮਾਨਦਾਰੀ ਦਿਖਾਂਦੇ ਹੋਏ ਮੇਰਾ ਫੋਨ ਅਤੇ ਪਰਸ ਵਾਪਸ ਕੀਤਾ l
ਸੋਮ ਦੱਤ ਸ਼ਰਮਾ ਨੇ ਕਿਹਾ ਕਿ ਮੈਂ ਟਾਵਰ ਇਨਕਲੇਵ ਦਾ ਰਹਿਣ ਵਾਲਾ ਹਾਂ ਅੱਜ ਦੁਪਹਿਰ ਡਾਕਟਰ ਬੀ ਆਰ ਅੰਬੇਦਕਰ ਚੌਂਕ ਤੋਂ ਆਪਣੇ ਘਰ ਵੱਲ ਜਦ ਜਾ ਰਿਹਾ ਸੀ ਤਾਂ ਗੱਡੀ ਵਾਲੇ ਵੱਲੋਂ ਮੈਨੂੰ ਸਾਈਡ ਮਾਰੀ ਗਈ ਜਿਸ ਕਾਰਨ ਮੈਨੂੰ ਰਗੜ ਵੀ ਲੱਗੀ ਅਤੇ ਇਸੇ ਦੌਰਾਨ ਹੀ ਐਕਟੀਵਾ ਤੋਂ ਲਿਫਾਫਾ ਸੜਕ ਤੇ ਡਿੱਗ ਗਿਆ, ਜਿਸ ਦਾ ਮੈਨੂੰ ਪਤਾ ਨਹੀਂ ਲੱਗਿਆ ਪਰ ਜਦ ਘਰ ਪਹੁੰਚਿਆ ਤਾਂ ਮੇਰੀ ਬੇਟੀ ਦੇ ਵੱਲੋਂ ਮੈਨੂੰ ਦੱਸਿਆ ਗਿਆ ਕਿ ਕਿਸੇ ਵਿਅਕਤੀ ਦਾ ਤੁਹਾਡੇ ਫੋਨ ਤੋਂ ਫੋਨ ਆਇਆ ਸੀ ਕਿ ਇਹ ਫੋਨ ਡਿੱਗਿਆ ਮਿਲਿਆ ਹੈ, ਜਿਸ ਤੋਂ ਬਾਅਦ ਮੈਂ ਮੌਕੇ ਤੇ ਪਹੁੰਚਿਆ ਤੇ ਨੌਜਵਾਨ ਦੇ ਵੱਲੋਂ ਮੈਨੂੰ ਮੇਰਾ ਮੋਬਾਇਲ ਅਤੇ ਪਰਸ ਵਾਪਸ ਕੀਤਾ ਗਿਆ, ਜਿਸ ਦਾ ਮੈਂ ਬਹੁਤ ਧੰਨਵਾਦੀ ਹਾਂ l