ਖਬਰਿਸਤਾਨ ਨੈੱਟਵਰਕ- ਬਿਕਰਮ ਮਜੀਠੀਆ ਨੂੰ ਵਿਜੀਲੈਂਸ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਂ ਲਏ ਬਿਨਾਂ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਦਿੱਲੀ ਵਿੱਚ ਦਿੱਤੇ ਇੱਕ ਬਿਆਨ ਵਿੱਚ ਕੇਜਰੀਵਾਲ ਨੇ ਕਿਹਾ ਕਿ ਕੋਈ ਕਿੰਨਾ ਵੀ ਵੱਡਾ ਆਗੂ ਕਿਉਂ ਨਾ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੂਜੀ ਪਾਰਟੀ ਦੇ ਮੰਤਰੀ ਪੰਜਾਬ ਵਿੱਚ ਨਸ਼ੇ ਲੈ ਕੇ ਆਏ
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਲਿਆਉਣ ਵਾਲੇ ਸਭ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਮੰਤਰੀ ਸਨ। ਉਨ੍ਹਾਂ ਨੇ ਆਪਣੀਆਂ ਗੱਡੀਆਂ ਵਿੱਚ ਨਸ਼ੇ ਪਹੁੰਚਾਏ, ਘਰ-ਘਰ ਸਪਲਾਈ ਕੀਤੇ ਅਤੇ ਅੰਤਰਰਾਸ਼ਟਰੀ ਤਸਕਰਾਂ ਨੂੰ ਵੀ ਪਨਾਹ ਦਿੱਤੀ। ਪੰਜਾਬ ਵਿੱਚ ਇੱਕ ਸਪੱਸ਼ਟ ਸੁਨੇਹਾ ਭੇਜਿਆ ਜਾ ਰਿਹਾ ਹੈ ਕਿ ਕੋਈ ਵੀ ਆਗੂ ਕਿੰਨਾ ਵੀ ਵੱਡਾ ਹੋਵੇ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਲੋਕ ਇਸ ਸੁਨੇਹੇ ਦਾ ਸਵਾਗਤ ਕਰ ਰਹੇ ਹਨ।
ਸਵੇਰੇ ਮਜੀਠੀਆ ਦੇ ਘਰ ਛਾਪਾ ਮਾਰਿਆ ਗਿਆ
ਅੱਜ ਵਿਜੀਲੈਂਸ ਅਧਿਕਾਰੀ ਸਵੇਰੇ-ਸਵੇਰੇ ਛਾਪਾ ਮਾਰਨ ਲਈ ਮਜੀਠੀਆ ਦੇ ਘਰ ਪਹੁੰਚੇ, ਜਿਸ ਵਿਚ 30 ਵਿਜੀਲੈਂਸ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਵੀ ਵਿਜੀਲੈਂਸ ਅਧਿਕਾਰੀਆਂ ‘ਤੇ ਧੱਕਾ ਕਰਨ ਦਾ ਦੋਸ਼ ਲਗਾਇਆ।
ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ
ਸ਼੍ਰੋਮਣੀ ਅਕਾਲੀ ਦਲ ਦੇ ਜੋਸ਼ੀਲੇ ਆਗੂ ਬਿਕਰਮਜੀਤ ਮਜੀਠੀਆ ਨੂੰ ਵਿਜੀਲੈਂਸ ਟੀਮ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮਜੀਠੀਆ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀਡੀਓ ਸਾਂਝੀ ਕੀਤੀ ਹੈ। ਮਜੀਠੀਆ ਵਿਜੀਲੈਂਸ ਅਧਿਕਾਰੀਆਂ ਨਾਲ ਜਾਂਦੇ ਸਮੇਂ ਆਪਣੀਆਂ ਮੁੱਛਾਂ ਮਰੋੜਦੇ ਵੀ ਦਿਖਾਈ ਦੇ ਰਹੇ ਹਨ।
ਝੂਠਾ ਕੇਸ ਦਰਜ ਕਰਨ ਦੀ ਤਿਆਰੀ
ਮਜੀਠੀਆ ਨੇ ਕਿਹਾ ਕਿ ਕਿਉਂਕਿ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰੱਗ ਮਾਮਲੇ ਵਿੱਚ ਮੇਰੇ ਵਿਰੁੱਧ ਕੁਝ ਨਹੀਂ ਮਿਲਿਆ, ਹੁਣ ਉਹ ਮੇਰੇ ਵਿਰੁੱਧ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਵਿੱਚ ਇਹ ਰੇਡ ਕੀਤੀ ਗਈ।
ਇਸ ਕਾਰਣ ਹੋਈ ਕਾਰਵਾਈ
ਰਿਪੋਰਟ ਮੁਤਾਬਕ ਬਿਕਰਮ ਸਿੰਘ ਮਜੀਠੀਆ ਵਿਰੁਧ ਵਿਜੀਲੈਂਸ ਨੇ ਨਵਾਂ ਮਾਮਲਾ ਦਰਜ ਕੀਤਾ ਹੈ। ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਹਿਰਾਸਤ ਵਿਚ ਲਿਆ ਗਿਆ ਹੈ। ਵਿਜੀਲੈਂਸ ਦੀਆਂ ਟੀਮਾਂ ਨੇ ਅੰਮ੍ਰਿਤਸਰ, ਚੰਡੀਗੜ੍ਹ ਸਣੇ ਹੋਰ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਹੈ।
ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਲੈ ਕੇ ਮੁਹਾਲੀ ਲਈ ਰਵਾਨਾ ਹੋ ਗਈ ਹੈ। ਮਜੀਠੀਆ ਦੇ ਚੰਡੀਗੜ੍ਹ ਘਰ ਵੀ ਰੇਡ ਹੋਈ ਹੋਈ ਹੈ।