ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਲਗਾਤਾਰ ਫਿਰੌਤੀ ਮੰਗਣ ਦੇ ਮਾਮਲੇ ਵਿਚ ਗੋਲੀਆਂ ਚੱਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਜਿਥੇ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਨਾਲ ਲੱਗਦੇ ਨਿਊ ਅਮਰ ਨਗਰ ਵਿਚ ਗੋਲੀਆਂ ਚੱਲੀਆਂ ਸਨ। ਜਿਸ ਵਿਚ ਸਾਹਮਣੇ ਆਇਆ ਸੀ ਕਿ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਪੁਰਤਗਾਲ ਬੈਠੇ ਨੌਜਵਾਨਾਂ ਤੋਂ ਫਿਰੌਤੀ ਦੀ ਮੰਗ ਕਰ ਰਿਹਾ ਸੀ ਪਰ ਜਦੋਂ ਫਿਰੌਤੀ ਨਾ ਦਿੱਤੀ ਗਈ ਤਾਂ ਉਸ ਨੇ ਆਪਣੇ ਗੁਰਗਿਆਂ ਰਾਹੀਂ ਉਕਤ ਨੌਜਵਾਨ ਦੇ ਜਲੰਧਰ ਸਥਿਤ ਘਰ ਦੇ ਬਾਹਰ ਗੋਲੀਆਂ ਚਲਵਾ ਦਿੱਤੀਆਂ, ਜਿਸ ਦੀਆਂ ਉਸ ਨੇ ਵੀਡੀਓ ਵੀ ਜਾਰੀ ਕੀਤੀਆਂ ਹਨ। ਸੀਸੀਟੀਵੀ ਵਿਚ ਮੁਲਜ਼ਮ ਲਗਾਤਾਰ ਗੋਲੀਆਂ ਵਰ੍ਹਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪੁਲਸ ਦੇ ਵੱਡੇ ਅਫਸਰ ਮੌਕੇ ਉਤੇ ਪੁੱਜੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਅੰਮ੍ਰਿਤਸਰ ਵਿਚ ਵੀ ਚੱਲੀਆਂ ਗੋਲੀਆਂ
ਅੰਮ੍ਰਿਤਸਰ ਵਿਚ ਸ਼ਰੇਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮੈਡੀਕਲ ਸਟੋਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ। ਇਹ ਮਾਮਲਾ ਫਿਰੌਤੀ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।
ਗੈਂਗਸਟਰਾਂ ਵਲੋਂ ਮੰਗੀ ਜਾ ਰਹੀ ਸੀ ਫਿਰੌਤੀ
ਜਾਣਕਾਰੀ ਅਨੁਸਾਰ ਕਸਬਾ ਮੱਤੇਵਾਲ ਤੋਂ ਕੁਝ ਦੂਰੀ ’ਤੇ ਹਲਕਾ ਮਜੀਠਾ ਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਦੇ ਇਕ ਮੈਡੀਕਲ ਸਟੋਰ ਮਾਲਕ ਨੂੰ ਪਿਛਲੇ ਦਿਨਾਂ ਤੋਂ ਲਗਾਤਾਰ ਗੈਂਗਸਟਰਾਂ ਵਲੋਂ ਫਿਰੌਤੀ ਦੀਆਂ ਧਮਕੀਆਂ ਆ ਰਹੀਆਂ ਸਨ, ਜਿਸ ਬਾਰੇ ਥਾਣਾ ਮੱਤੇਵਾਲ ਵਿਚ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਬੀਤੇ ਦਿਨੀਂ ਸ਼ਾਮ ਗੈਂਗਸਟਰਾਂ ਵਲੋਂ ਮੈਡੀਕਲ ਸਟੋਰ ’ਤੇ ਸ਼ਰੇਆਮ ਬੇਖੌਫ ਹੋ ਕੇ ਫਾਇਰਿੰਗ ਕੀਤੀ ਗਈ ਤੇ ਫਰਾਰ ਹੋ ਗਏ।
ਬਿਕਰਮ ਮਜੀਠੀਆ ਨੇ ਐਕਸ ਉਤੇ ਪੋਸਟ ਕੀਤੀ ਸਾਂਝੀ
ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਹਲਕਾ ਮਜੀਠਾ ਵਿਚ ਹੋਈ ਇਸ ਵਾਰਦਾਤ ਬਾਰੇ ਆਪਣੇ ਏਕਸ ਹੈਂਡਲ ਤੋਂ ਇਕ ਪੋਸਟ ਪਾਈ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਾ ਹੈ ਅਤੇ ਗੈਂਗਸਟਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲਿਸ ਪ੍ਰਸਾਸ਼ਨ ਦਾ ਕੋਈ ਡਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ।