ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਭੋਗਪੁਰ ਵਿਚ ਖੇਤਾਂ ਵਿਚੋਂ ਮਿਜ਼ਾਈਲਨੁਮਾ ਚੀਜ਼ ਮਿਲਣ ਨਾਲ ਲੋਕਾਂ ਵਿਚ ਸਨਸਨੀ ਫੈਲ ਗਈ। ਮਾਮਲਾ ਜਮਾਲਪੁਰ ਪਿੰਡ ਤੋਂ ਸਾਹਮਣੇ ਆਇਆ ਜਦੋਂ ਪਿੰਡ ਦੇ ਇਕ ਕਿਸਾਨ, ਜਿਸ ਨੇ ਆਪਣੇ ਖੇਤ ’ਚ ਮੱਕੀ ਦੀ ਫ਼ਸਲ ਬੀਜੀ ਹੋਈ ਸੀ, ਵਿਚੋਂ ਮਿਜ਼ਾਈਲ ਦਾ ਹਿੱਸਾ ਮਿਲਿਆ।
ਜਾਣਕਾਰੀ ਅਨੁਸਾਰ ਖੇਤ ਮਾਲਕ ਅਮਰਜੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਰੇਰੂ ਜ਼ਿਲ੍ਹਾ ਜਲੰਧਰ ਐਤਵਾਰ ਸਵੇਰੇ ਪਿੰਡ ਜਮਾਲਪੁਰ ਵਿਖੇ ਮੱਕੀ ਦੀ ਫ਼ਸਲ ਵਾਲੇ ਖੇਤ ਵਿਚ ਗਿਆ ਸੀ, ਜਿੱਥੇ ਉਸ ਨੇ ਖੇਤ ’ਚ ਮਿਜ਼ਾਇਲ ਦਾ ਹਿੱਸਾ ਪਿਆ ਵੇਖਿਆ।
ਕਿਸਾਨ ਵੱਲੋਂ ਇਸ ਸਬੰਧੀ ਥਾਣਾ ਭੋਗਪੁਰ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਮੁਖੀ ਇੰਸ. ਰਵਿੰਦਰ ਪਾਲ ਸਿੰਘ ਨੇ ਮਿਜਾਇਲ ਦਾ ਹਿੱਸਾ ਮਿਲਣ ਦੀ ਜਾਣਕਾਰੀ ਜਲੰਧਰ ਵਿਚ ਫ਼ੌਜ ਦੇ ਅਫ਼ਸਰਾਂ ਤੱਕ ਪਹੁੰਚਾਈ। ਜਲੰਧਰ ਤੋਂ ਭਾਰਤੀ ਫ਼ੌਜ ਦੀ ਟੀਮ ਅਤੇ ਆਦਮਪੁਰ ਤੋਂ ਏਅਰ ਫੋਰਸ ਦੀ ਟੀਮ ਪਿੰਡ ਜਮਾਲਪੁਰ ਵਿਖੇ ਪਹੁੰਚੀ ਅਤੇ ਪੁਸ਼ਟੀ ਕੀਤੀ ਕਿ ਇਸ ਮਿਜ਼ਾਇਲ ਦੇ ਟੁਕੜੇ ਵਿਚ ਧਮਾਕਾਖੇਜ਼ ਸਮੱਗਰੀ (ਐਕਸਪਲੋਜਿਵ) ਨਹੀਂ ਹੈ। ਭਾਰਤੀ ਫ਼ੌਜ ਦੀ ਟੀਮ ਵੱਲੋਂ ਮਿਜ਼ਾਇਲ ਦਾ ਹਿੱਸਾ ਆਪਣੇ ਕਬਜ਼ੇ ਵਿਚ ਲਿਆ ਅਤੇ ਟੀਮ ਜਲੰਧਰ ਨੂੰ ਰਵਾਨਾ ਹੋ ਗਈ।
ਥਾਣਾ ਐੱਸਐੱਚਓ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਮਈ ਮਹੀਨੇ ਵਿੱਚ ਪਾਕਿਸਤਾਨ ਵੱਲੋਂ ਦਾਗ਼ੀਆਂ ਗਈਆਂ ਮਿਜ਼ਾਈਲਾਂ ਨੂੰ ਭਾਰਤੀ ਫ਼ੌਜ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਸੀ ਅਤੇ ਇਸ ਲਈ ਇਹ ਉਸ ਸਮੇਂ ਨਸ਼ਟ ਕੀਤੀ ਗਈ ਮਿਜ਼ਾਈਲ ਦਾ ਹਿੱਸਾ ਹੋ ਸਕਦਾ ਹੈ, ਜੋ ਇੱਥੇ ਮੱਕੀ ਦੇ ਖੇਤ ਵਿੱਚ ਡਿੱਗੀ ਹੈ।