ਖ਼ਬਰਿਸਤਾਨ ਨੈੱਟਵਰਕ: ਈਰਾਨ ‘ਚ ਅਗਵਾ ਹੋਏ ਤਿੰਨ ਭਾਰਤੀਆਂ ਨੂੰ ਤੇਹਰਾਨ ਪੁਲਿਸ ਨੇ ਛੁਡਵਾ ਲਿਆ ਹੈ| ਤਿੰਨ ਨੌਜਵਾਨਾਂ ਨੂੰ ਏਜੰਟਾਂ ਨੇ ਰਾਜਧਾਨੀ ਤੇਹਰਾਨ ਦੇ ਦੱਖਣ ਇਲਾਕੇ ਬਰਸੀਨ ‘ਚ ਬੰਧਕ ਬਣ ਕੇ ਰੱਖਿਆ ਹੋਇਆ ਸੀ| ਭਾਰਤ ‘ਚ ਇਰਾਨੀ ਦੂਤਾਵਾਸ ਨੇ ਇਸਦੀ ਜਾਣਕਾਰੀ ਦਿੱਤੀ| ਤਹਿਰਾਨ ਪੁਲਿਸ ਨੂੰ 1 ਮਈ ਨੂੰ ਨੌਜਵਾਨਾਂ ਦੇ ਅਗਵਾ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਈਰਾਨੀ ਦੂਤਾਵਾਸ ਨੇ 29 ਮਈ ਨੂੰ ਕਿਹਾ ਸੀ ਕਿ ਉਹ ਤਿੰਨ ਲਾਪਤਾ ਭਾਰਤੀ ਨਾਗਰਿਕਾਂ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਤਿੰਨੋਂ ਨੌਜਵਾਨ ਦਿੱਲੀ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਈਰਾਨ ਵਿੱਚ ਰਹਿਣ ਦੇ ਬਹਾਨੇ ਏਜੰਟਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਦੀ ਰਿਹਾਈ ਦੇ ਬਦਲੇ, ਏਜੰਟਾਂ ਨੇ ਉਨ੍ਹਾਂ ਦੇ ਪਰਿਵਾਰਾਂ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਨੂੰ ਪੈਸੇ ਪਾਕਿਸਤਾਨੀ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਨ ਲਈ ਕਿਹਾ ਗਿਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ, ਤਿੰਨੋਂ ਨੌਜਵਾਨ ਪੰਜਾਬ ਦੇ ਸੰਗਰੂਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਤਿੰਨੋਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੇ ਜਾਲ ਵਿੱਚ ਫਸ ਗਏ। ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਦਾ ਲਾਲਚ ਦੇ ਕੇ ਡੰਕੀ ਰੂਟ ਰਾਹੀਂ ਈਰਾਨ ਬੁਲਾਇਆ ਗਿਆ, ਜਿੱਥੇ ਤਿੰਨਾਂਂ ਨੂੰ ਅਗਵਾ ਕਰ ਲਿਆ ਗਿਆ। ਤਿੰਨਾਂ ਭਾਰਤੀਆਂ ਨੂੰ ਈਰਾਨ ਦੇ ਤਹਿਰਾਨ ਵਿੱਚ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਤੋਂ ਫਿਰੌਤੀ ਦੀ ਵੀ ਮੰਗ ਕੀਤੀ ਗਈ। ਅਗਵਾ ਦੀ ਖ਼ਬਰ ਮਿਲਦੇ ਹੀ ਪਰਿਵਾਰ ਨੇ ਸਰਕਾਰ ਨੂੰ ਇਸ ਬਾਰੇ ਸੂਚਿਤ ਕੀਤਾ ਸੀ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਈਰਾਨੀ ਸਰਕਾਰ ਨਾਲ ਮਿਲ ਕੇ ਤਿੰਨਾਂ ਨੂੰ ਲੱਭਣ ਦਾ ਭਰੋਸਾ ਦਿੱਤਾ ਸੀ। ਇਸ ਦੇ ਨਾਲ ਹੀ, ਈਰਾਨੀ ਦੂਤਾਵਾਸ ਨੇ ਸਾਰੇ ਭਾਰਤੀਆਂ ਨੂੰ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੇ ਜਾਲ ਵਿੱਚ ਨਾ ਫਸਣ ਦੀ ਸਲਾਹ ਦਿੱਤੀ ਹੈ।