ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਵਿੱਚ ਰੂਹ ਨੂੰ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਿਓ ਨੇ ਅਣਖ ਖਾਤਰ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਨੂੰ ਪਹਿਲਾਂ ਬਿਜਲੀ ਦੇ ਝਟਕੇ ਵੀ ਦਿੱਤੇ ਗਏ ਸਨ। ਅੱਧ-ਮ੍ਰਿਤ ਹੋਣ ਤੋਂ ਬਾਅਦ, ਦੋਵਾਂ ਨੂੰ ਤੇਜ਼ਧਾਰ ਹਥਿਆਰ ਨਾਲ ਮਾਰਿਆ ਗਿਆ।
ਲੜਕੀ ਦੇ ਪਿਓ ਨੇ ਖੁਦ ਕੀਤਾ ਆਤਮ ਸਮਰਪਣ
ਇਸ ਦੋਹਰੇ ਕਤਲਕਾਂਢ ਤੋਂ ਬਾਅਦ ਲੜਕੀ ਦੇ ਪਿਓ ਨੇ ਪੁਲਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਕਤਲ ਕਾਂਡ ਤੋਂ ਬਾਅਦ ਸਾਰੇ ਇਲਾਕੇ ਵਿਚ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ।
ਪਛਾਣ
ਮ੍ਰਿਤਕਾਂ ਦੀ ਪਛਾਣ ਜੋਬਨਦੀਪ ਸਿੰਘ (24) ਅਤੇ ਸੁਖਪ੍ਰੀਤ ਕੌਰ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਬਾਰੇ ਲੜਕੀ ਦੇ ਪਿਤਾ ਨੇ ਕਿਹਾ ਕਿ ਉਸਨੇ ਆਪਣੀ ਇੱਜ਼ਤ ਦੇ ਨਾਂ ‘ਤੇ ਦੋਵਾਂ ਦਾ ਕਤਲ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਸ ਅਗਲੇਰੀ ਜਾਂਚ ਕਰ ਰਹੀ ਹੈ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਪਿੰਡ ਕੱਕੜ ਦੇ ਰਹਿਣ ਵਾਲੇ ਜੋਬਨਦੀਪ ਸਿੰਘ (24) ਨਾਲ ਰਿਲੇਸ਼ਨਸ਼ਿਪ ਵਿਚ ਸੀ। ਦੋਵਾਂ ਦੇ ਘਰ ਨੇੜੇ ਹੀ ਹਨ। ਜੋਬਨਪ੍ਰੀਤ ਮਜ਼ਦੂਰੀ ਦਾ ਕੰਮ ਕਰਦਾ ਹੈ।
ਜੋਬਨਪ੍ਰੀਤ ਅਤੇ ਸੁਖਪ੍ਰੀਤ ਕੌਰ ਪ੍ਰੇਮ ਸੰਬੰਧਾਂ ਕਾਰਣ ਐਤਵਾਰ ਨੂੰ ਘਰੋਂ ਭੱਜ ਗਏ। ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਕਾਫੀ ਲੱਭਿਆ। ਸੋਮਵਾਰ ਨੂੰ, ਦੋਵੇਂ ਵਿਆਹ ਕਰਵਾਉਣ ਲਈ ਕੋਰਟ ਗਏ। ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਉੱਥੇ ਭੀੜ ਵਿੱਚ ਦੇਖਿਆ ਅਤੇ ਸੁਖਪ੍ਰੀਤ ਦੇ ਪਰਿਵਾਰ ਨੂੰ ਸੂਚਿਤ ਕੀਤਾ। ਸੁਖਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਅਸੀਂ ਤੁਹਾਡਾ ਵਿਆਹ ਕਰਵਾਵਾਂਗੇ । ਸਹਿਮਤੀ ਮਿਲਣ ਤੋਂ ਬਾਅਦ, ਦੋਵੇਂ ਘਰ ਵਾਪਸ ਆ ਗਏ। ਘਰ ਵਿੱਚ ਦਾਖ਼ਲ ਹੁੰਦੇ ਹੀ ਲੜਕੀ ਦੇ ਪਿਤਾ ਨੇ ਦੋਵਾਂ ਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਕਤਲ ਕਰ ਦਿੱਤਾ।