ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਵਿਚ ਇਕ ਵੱਡੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਿ ਹਾਲ ਬਾਜ਼ਾਰ ਏਰੀਆ ਵਿਚ ਮਨੀ ਚੇਂਜਰ ਦੀ ਦੁਕਾਨ ਉਤੇ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਪਿਓ-ਪੁੱਤ ਦੁਕਾਨਦਾਰ ਨੂੰ ਲੁਟੇਰਿਆਂ ਨੇ ਸੱਟਾਂ ਮਾਰੀਆਂ ਅਤੇ 8-10 ਲੱਖ ਰੁਪਏ ਦੇ ਕਰੀਬ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਲੱਖਾਂ ਰੁਪਏ ਦੀ ਲੁੱਟ
ਮੀਡੀਆ ਰਿਪੋਰਟ ਮੁਤਾਬਕ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਸਥਿਤ ਤ੍ਰਿਮੂਰਤੀ ਕੰਪਲੈਕਸ ਵਿੱਚ ਅੱਜ ਦੁਪਹਿਰ ਦੋ ਲੁਟੇਰਿਆਂ ਨੇ ਮਨੀ ਚੇਂਜਰ ਦਾ ਕੰਮ ਕਰਦੇ 2 ਪਿਉ-ਪੁੱਤ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਕਾਤਲ ਲੁਟੇਰੇ ਪੁਰਾਣੇ ਅਤੇ ਫਟੇ ਹੋਏ ਨੋਟ ਬਦਲਣ ਦੇ ਬਹਾਨੇ ਦੁਕਾਨ ਵਿੱਚ ਦਾਖਲ ਹੋਏ ਸਨ। ਜਦੋਂ ਉਹ ਗੱਲਬਾਤ ਕਰ ਰਹੇ ਸਨ ਤਾਂ ਪਿਓ-ਪੁੱਤ ‘ਤੇ ਦਾਤ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਿਤਾ ਕੁਲਦੀਪ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ ਪੁੱਤਰ ਦਿਨੇਸ਼ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਹਮਲਾਵਰ ਦੁਕਾਨ ਤੋਂ 10 ਤੋਂ 12 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਲੁਟੇਰਿਆਂ ਨੇ ਪਹਿਲਾਂ ਕੀਤਾ ਫੋਨ
ਇਹ ਘਟਨਾ ਦੁਪਹਿਰ 12 ਵਜੇ ਵਾਪਰੀ। ਦੁਕਾਨਦਾਰਾਂ ਅਨੁਸਾਰ, ਦੋਵੇਂ ਪਿਓ-ਪੁੱਤਰ ਸਾਲਾਂ ਤੋਂ ਇੱਥੇ ਪੁਰਾਣੇ ਅਤੇ ਫਟੇ ਹੋਏ ਨੋਟਾਂ ਨੂੰ ਬਦਲਣ ਦਾ ਕੰਮ ਕਰ ਰਹੇ ਹਨ। ਮੁਲਜ਼ਮ ਨੇ ਅੱਜ ਸਵੇਰੇ ਫ਼ੋਨ ਕਰਕੇ 10-12 ਲੱਖ ਰੁਪਏ ਦੇ ਨਵੇਂ ਨੋਟ ਮੰਗੇ ਸਨ। ਜਦੋਂ ਦੋਸ਼ੀ ਦੁਕਾਨ ‘ਤੇ ਪਹੁੰਚੇ ਤਾਂ ਪੀੜਤਾਂ ਨੇ ਉਸਨੂੰ ਅੰਦਰ ਬੁਲਾਇਆ। ਮੁਲਜ਼ਮ, ਜੋ ਨੋਟ ਗਿਣਨ ਦੇ ਬਹਾਨੇ ਬੈਠੇ ਸਨ, ਨੇ ਅਚਾਨਕ ਦਾਤ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕੁਲਦੀਪ ਕੁਮਾਰ ਦੀ ਗਰਦਨ ‘ਤੇ ਹਮਲਾ ਕਰ ਦਿੱਤਾ ਅਤੇ ਪੈਸੇ ਲੈ ਕੇ ਭੱਜ ਗਏ।
ਕੀ ਕਹਿਣੈ ਆਲੇ-ਦੁਆਲੇ ਦੇ ਦੁਕਾਨਦਾਰਾਂ ਦਾ
ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪੀੜਤਾਂ ਨੇ ਗੁਆਂਢੀਆਂ ਦੀਆਂ ਦੁਕਾਨਾਂ ਤੋਂ ਵੀ ਪੈਸੇ ਇਕੱਠੇ ਕੀਤੇ ਸਨ। ਲੁੱਟੀ ਗਈ ਰਕਮ ਲਗਭਗ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਹਮਲੇ ਤੋਂ ਬਾਅਦ ਦੁਕਾਨਦਾਰ ਦੋਵਾਂ ਨੂੰ ਹਸਪਤਾਲ ਲੈ ਗਏ ਜਿੱਥੇ ਕੁਲਦੀਪ ਕੁਮਾਰ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਜਲਦੀ ਹੀ ਫੜ ਲਏ ਜਾਣਗੇ।