ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਦੁਆਰਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰ ਰਹੀ ਹੈ| ਉੱਥੇ ਹੀ ਕਪੂਰਥਲਾ ਪੁਲਿਸ ਨੇ 4 ਪੁਲਿਸ ਮੁਲਾਜ਼ਮਾਂ ਖਿਲਾਫ FIR ਦਰਜ ਕੀਤੀ ਹੈ | ਇਨ੍ਹਾਂ ਮੁਲਾਜ਼ਮਾਂ ਨੇ ਨਸ਼ਾ ਤਸਕਰੀ ਮਾਮਲੇ ‘ਚ ਇੱਕ ਤਸਕਰ ਨੂੰ ਹਿਰਾਸਤ ‘ਚ ਛੁਡਵਾਉਣ ਲਈ ਢਾਈ ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ| ਇਸ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਸਬ-ਇੰਸਪੈਕਟਰ, 2 ਏਐਸਆਈ ਅਤੇ ਇੱਕ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ |
ਜਾਣਕਾਰੀ ਅਨੁਸਾਰ ਸੀਆਈਏ ਸਟਾਫ ਫਗਵਾੜਾ ਦੀ ਪੂਰੀ ਟੀਮ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਦੀ ਪੁਸ਼ਟੀ ਜਲੰਧਰ DIG ਨਵੀਂ ਸਿੰਗਲਾ ਨੇ ਕੀਤੀ ਹੈ| ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਸੀਆਈਏ ਇੰਚਾਰਜ ਬਿਸਮਨ ਸਿੰਘ ਮਾਹੀ, ਏਐਸਆਈ ਨਿਰਮਲ ਕੁਮਾਰ, ਏਐਸਆਈ ਜਸਵਿੰਦਰ ਸਿੰਘ ਅਤੇ ਕਾਂਸਟੇਬਲ ਜਗਰੂਪ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਹਨੀ ਨਾਮਕ ਮੁਲਜ਼ਮ ਨੂੰ ਛੁਡਵਾਉਣ ਲਈ ਰਿਸ਼ਵਤ ਲਈ ਸੀ| ਇਨ੍ਹਾਂ ਮੁਲਾਜ਼ਮਾਂ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ| ਉਨ੍ਹਾਂ ਨੂੰ ਫਗਵਾੜਾ ਦੇ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ।