ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਅੱਜ ਬਾਰ ਐਸੋਸੀਏਸ਼ਨ ਦੇ ਵੱਲੋਂ ਨੌ ਵਰਕ ਡੇ ਰੱਖਿਆ ਗਿਆ l ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਵਕੀਲਾਂ ਅਤੇ ਨਿਆਂਇਕ ਸਟਾਫ਼ ਵਿਚਕਾਰ ਵਿਵਾਦ ਹੋਇਆ ਸੀ l ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋਵੇਂ ਪੱਖਾਂ ਖਿਲਾਫ ਕ੍ਰੋਸ ਐਫਆਈਆਰ ਦਰਜ ਕੀਤੀ ਹੈ l
ਪੁਲਿਸ ਨੇ ਇਸ ਮਾਮਲੇ ਦੇ ਵਿੱਚ 150 ਤੋਂ 180 ਵਕੀਲਾਂ ਤੇ ਕੇਸ ਦਰਜ ਕੀਤਾ l ਜਿਸ ਦੇ ਰੋਸ ਵਜੋਂ ਅੱਜ ਜਲੰਧਰ ਦੇ ਵਿੱਚ ਵਕੀਲਾਂ ਦੇ ਵੱਲੋਂ ਕੰਮ ਬੰਦ ਰੱਖਿਆ ਗਿਆ ਤੇ ਅੱਜ ਕੋਈ ਵੀ ਵਕੀਲ ਕੋਰਟ ਦੇ ਵਿੱਚ ਪੇਸ਼ ਨਹੀਂ ਹੋਵੇਗਾ l ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਰ ਕੇ ਭੱਲਾ ਨੇ ਕਿਹਾ ਕਿ ਘਟਨਾ ਦੇ ਵਿਰੋਧ ਵਿੱਚ ਸਾਰੇ ਵਕੀਲ ਇਕੱਠੇ ਹਨ, ਜੇਕਰ ਕਿਸੇ ਵੀ ਵਕੀਲ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ l ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਹੋਰ ਤੇਜ਼ ਕੀਤਾ ਜਾਵੇਗਾ।
ਰਾਜਕੁਮਾਰ ਭੱਲਾ ਦਾ ਕਹਿਣਾ ਹੈ ਕਿ ਜੇਕਰ ਵਕੀਲਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨਾ ਪਿਆ ਜਾਂ ਕੋਈ ਹੋਰ ਫੈਸਲਾ ਲੈਣਾ ਪਿਆ ਤਾਂ ਉਹ ਵਕੀਲਾਂ ਦੇ ਨਾਲ ਖੜ੍ਹੇ ਹੋਣਗੇ। ਉਨ੍ਹਾਂ ਦੀ ਮੰਗ ਹੈ ਕਿ ਵਕੀਲਾਂ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਤੁਰੰਤ ਰੱਦ ਕੀਤੀ ਜਾਵੇ। ਵਕੀਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ, ਨਜ਼ਰ ਵਰਕਰਾਂ (ਚੌਥੀ ਸ਼੍ਰੇਣੀ ਦੇ ਕਰਮਚਾਰੀ) ਦੀ ਇੱਕ ਵਕੀਲ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ ਵਕੀਲ ਨੇ ਕਰਮਚਾਰੀਆਂ ਵਿਰੁੱਧ ਕੇਸ ਦਾਇਰ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਵਕੀਲਾਂ ਦੇ ਸੱਦੇ ‘ਤੇ ਅੱਜ ਜਲੰਧਰ ਅਦਾਲਤ ਵੀ ਬੰਦ ਕਰ ਦਿੱਤੀ ਗਈ ਹੈ। ਜੇਕਰ ਲੁਧਿਆਣਾ ਬਾਰ ਐਸੋਸੀਏਸ਼ਨ ਕੱਲ੍ਹ ਵੀ ਬੰਦ ਦਾ ਸੱਦਾ ਦਿੰਦੀ ਹੈ, ਤਾਂ ਕੱਲ੍ਹ ਵੀ ਅਦਾਲਤ ਬੰਦ ਰਹੇਗੀ।
ਦੱਸ ਦੇਈਏ ਕਿ ਨਿਆਂਇਕ ਸਟਾਫ਼ ਅਤੇ ਵਕੀਲਾਂ ਵਿਚਕਾਰ ਹੋਈ ਲੜਾਈ ਅਤੇ ਝਗੜੇ ਤੋਂ ਬਾਅਦ ਇੱਕ ਕਰਾਸ ਐਫਆਈਆਰ ਦਰਜ ਕੀਤੀ ਗਈ ਹੈ। ਨਿਆਂਇਕ ਸਟਾਫ਼ ਨੇ 5 ਨਾਮਜ਼ਦ ਅਤੇ 150-200 ਅਣਪਛਾਤੇ ਵਕੀਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਦੋਂ ਕਿ ਵਕੀਲਾਂ ਨੇ ਅਦਾਲਤੀ ਸਟਾਫ਼ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਇਸ ਘਟਨਾ ਨੂੰ ਲੈ ਕੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ।