ਖ਼ਬਰਿਸਤਾਨ ਨੈੱਟਵਰਕ: ਬਠਿੰਡਾ ਨਗਰ ਨਿਗਮ ਤੋਂ ਕਾਂਗਰਸ ਪਾਰਟੀ ਦੁਆਰਾ 8 ਕੌਸਲਰਾਂ ਨੂੰ ਪਾਰਟੀ ‘ਚ ਬਾਹਰ ਕੱਢਣ ਦੀ ਵੱਡੀ ਖਬਰ ਸਾਹਮਣੇ ਆਈ ਹੈ | ਇਨ੍ਹਾਂ ਕੌਸਲਰਾਂ ‘ਤੇ ਪਾਰਟੀ ਵਿਰੁੱਧ ਜਾਣ ਅਤੇ ਵਿਰੋਧੀ ਪਾਰਟੀ ਦਾ ਸਮਰਥਨ ਕਰਨ ਦਾ ਦੋਸ਼ ਲੱਗਿਆ ਸੀ |
ਪੰਜਾਬ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਪਾਰਟੀ ਦੇ 8 ਕੌਂਸਲਰਾਂ ਕਮਲਜੀਤ ਕੌਰ, ਮਮਤਾ ਸੈਣੀ, ਪੁਸ਼ਪਾ ਰਾਣੀ, ਕੁਲਵਿੰਦਰ ਕੌਰ, ਰਾਜਰਾਣੀ, ਕਮਲੇਸ਼ ਮਹਿਰਾ, ਨੇਹਾ ਅਤੇ ਸੁਰੇਸ਼ ਕੁਮਾਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣੇ ਕੌਂਸਲਰਾਂ ਨੂੰ ਪਾਰਟੀ ਲਾਈਨ ਅਨੁਸਾਰ ਵੋਟ ਪਾਉਣ ਦੀ ਹਦਾਇਤ ਕੀਤੀ ਸੀ, ਪਰ ਇਸ ਦੇ ਬਾਵਜੂਦ 8 ਕਾਂਗਰਸੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਈ, ਜਦੋਂ ਕਿ 4 ਕੌਂਸਲਰ ਜਾਣਬੁੱਝ ਕੇ ਵੋਟਿੰਗ ਤੋਂ ਗੈਰਹਾਜ਼ਰ ਰਹੇ।
ਇਸ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂਆਂ ਅਤੇ ਨਗਰ ਕੌਂਸਲਰਾਂ ਨੇ ਮਿਲ ਕੇ ਪਾਰਟੀ ਹਾਈ ਕਮਾਂਡ ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪੀ, ਜਿਸ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕੌਂਸਲਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਕੌਂਸਲਰਾਂ ਤੋਂ ਕਰਨ ਦੱਸੋ ਨੋਟਿਸ ਜਾਰੀ ਕਰ ਤਿੰਨ ਦਿਨ ਅੰਦਰ ਜਵਾਬ ਮੰਗਿਆ ਹੈ|
ਉਨ੍ਹਾਂ ਨੇ ਇੱਕ ਸਖ਼ਤ ਫੈਸਲਾ ਲੈਂਦੇ ਹੋਏ ਸਾਰੇ 8 ਕੌਂਸਲਰਾਂ ਨੂੰ ਅਗਲੇ 5 ਸਾਲਾਂ ਲਈ ਕਾਂਗਰਸ ਪਾਰਟੀ ਵਿੱਚੋਂ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਹ ਹੈ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਅਤੇ ਨੇਤਾ ਇੱਕ ਟੀਚੇ ਅਤੇ ਦਿਸ਼ਾ ਨਾਲ ਕੰਮ ਕਰੇ। ਪਾਰਟੀ ਪ੍ਰਤੀ ਵਫ਼ਾਦਾਰੀ, ਇਮਾਨਦਾਰੀ ਅਤੇ ਅਨੁਸ਼ਾਸਨ ਸਾਡੀ ਪਛਾਣ ਹਨ। ਹੈਨਰੀ ਨੇ ਕਿਹਾ ਕਿ ਇਸ ਭਾਵਨਾ ਦੇ ਉਲਟ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।