ਖ਼ਬਰਿਸਤਾਨ ਨੈੱਟਵਰਕ: ਲਖਨਊ ‘ਚ ਬਿਹਾਰ ਤੋਂ ਦਿੱਲੀ ਜਾ ਰਹੀ ਏਸੀ ਬੱਸ ਨੂੰ ਅੱਗ ਲੱਗ ਗਈ। ਇਹ ਹਾਦਸਾ ਮੋਹਨ ਲਾਲਗੰਜ ਨੇੜੇ ਆਊਟਰ ਰਿੰਗ ਰੋਡ ‘ਤੇ ਸਵੇਰੇ 4.40 ਵਜੇ ਵਾਪਰਿਆ। ਬੱਸ ਵਿੱਚ ਲਗਭਗ 80 ਯਾਤਰੀ ਸਵਾਰ ਸਨ। ਸਲੀਪਰ ਬੱਸ ਬਿਹਾਰ ਦੇ ਬੇਗੂਸਰਾਏ ਤੋਂ ਦਿੱਲੀ ਜਾ ਰਹੀ ਸੀ। ਇਸ ਹਾਦਸੇ ‘ਚ ਪੰਜ ਲੋਕ ਜ਼ਿੰਦਾ ਸੜ ਗਏ|
ਮ੍ਰਿਤਕਾਂ ਵਿੱਚ ਇੱਕ ਮਾਂ-ਧੀ, ਭਰਾ-ਭੈਣ ਅਤੇ ਇੱਕ ਨੌਜਵਾਨ ਸ਼ਾਮਲ ਹੈ। ਇਹ ਹਾਦਸਾ ਮੋਹਨ ਲਾਲਗੰਜ ਨੇੜੇ ਆਊਟਰ ਰਿੰਗ ਰੋਡ (ਕਿਸਾਨ ਮਾਰਗ) ‘ਤੇ ਸਵੇਰੇ 4.40 ਵਜੇ ਵਾਪਰਿਆ। ਉਸ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਪਏ ਸਨ। ਯਾਤਰੀਆਂ ਨੇ ਦੱਸਿਆ ਕਿ ਬੱਸ ਅਚਾਨਕ ਧੂੰਏਂ ਨਾਲ ਭਰਨੀ ਸ਼ੁਰੂ ਹੋ ਗਈ। ਅਚਾਨਕ ਹੀ ਅੱਗ ਦੀਆਂ ਤੇਜ਼ ਲਾਟਾਂ ਉੱਠਣ ਲੱਗ ਪਈਆਂ।
ਆਸ-ਪਾਸ ਦੇ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਪੂਰੀ ਬੱਸ ਸੜ ਚੁੱਕੀ ਸੀ। ਫਾਇਰ ਬ੍ਰਿਗੇਡ ਨੇ ਲਗਭਗ 30 ਮਿੰਟਾਂ ਵਿੱਚ ਅੱਗ ਬੁਝਾ ਦਿੱਤੀ। ਜਦੋਂ ਟੀਮ ਅੰਦਰ ਪਹੁੰਚੀ ਤਾਂ 5 ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਦੱਸ ਦੇਈਏ ਕਿ ਡਰਾਈਵਰ ਅਤੇ ਕੰਡਕਟਰ ਗੱਡੀ ਛੱਡ ਕੇ ਭੱਜ ਗਏ।
ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਚੱਲਦੀ ਬੱਸ ਵਿੱਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਐਮਰਜੈਂਸੀ ਗੇਟ ਨਹੀਂ ਖੁੱਲ੍ਹਿਆ। ਇਸ ਕਾਰਨ ਪਿੱਛੇ ਬੈਠੇ ਲੋਕ ਫਸ ਗਏ। ਬੱਸ ਵਿੱਚ ਪੰਜ-ਪੰਜ ਕਿਲੋ ਦੇ ਸੱਤ ਗੈਸ ਸਿਲੰਡਰ ਸਨ। ਹਾਲਾਂਕਿ, ਕੋਈ ਸਿਲੰਡਰ ਨਹੀਂ ਫਟਿਆ।