ਖਬਰਿਸਤਾਨ ਨੈੱਟਵਰਕ- ਚੰਡੀਗੜ੍ਹ ਵਿਚ 11 ਸਾਲ ਦੇ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਘਟਨਾ ਵਿਕਾਸ ਨਗਰ ਇਲਾਕੇ ਵਿੱਚ ਬੁੱਧਵਾਰ ਸਵੇਰੇ ਹੋਈ। ਇਸ ਵਿੱਚ ਇੱਕ ਮਾਸੂਮ 11 ਸਾਲ ਦੇ ਬੱਚੇ ਦੀ ਜਾਨ ਚਲੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੂਰਿਆ ਨਾਂ ਦਾ ਬੱਚਾ ਘਰ ਦੀ ਦੂਜੀ ਮੰਜ਼ਿਲ ‘ਤੇ ਖੇਡਦੇ ਸਮੇਂ ਅਚਾਨਕ ਹੇਠਾਂ ਡਿੱਗਦੇ ਹੋਏ ਲਟਕਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਫੈਲ ਗਿਆ ਅਤੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ 24 ਅਪ੍ਰੈਲ ਦੀ ਹੈ, ਜਿਸ ਤੋਂ ਬਾਅਦ ਬੱਚੇ ਦਾ ਇਲਾਜ ਚੱਲ ਰਿਹਾ ਸੀ, ਜਿਸ ਦੀ ਹੁਣ ਮੌਤ ਹੋ ਗਈ।
ਬੱਚੇ ਦਾ ਫਿਸਲਿਆ ਪੈਰ
ਜਾਣਕਾਰੀ ਅਨੁਸਾਰ ਸੂਰਿਆ ਆਪਣੀ ਮਾਂ ਸੰਗੀਤਾ ਨਾਲ ਵਿਕਾਸ ਨਗਰ ਵਿੱਚ ਰਹਿੰਦਾ ਸੀ। ਸੰਗੀਤਾ ਘਰ ਬੈਠੇ ਹੀ ਸਮੋਸੇ, ਨੂਡਲਜ਼ ਅਤੇ ਮੋਮੋਜ਼ ਵੇਚਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਚਲਾਉਂਦੀ ਹੈ। ਸੂਰਿਆ ਹਰ ਰੋਜ਼ ਦੀ ਤਰ੍ਹਾਂ ਘਰ ਦੀ ਉੱਪਰਲੀ ਮੰਜ਼ਿਲ ‘ਤੇ ਖੇਡ ਰਿਹਾ ਸੀ, ਜਦੋਂ ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗਾ। ਬਦਕਿਸਮਤੀ ਨਾਲ, ਡਿੱਗਦੇ ਸਮੇਂ ਉਹ ਗਲੀ ਵਿੱਚ ਫੈਲੀਆਂ ਖੁੱਲ੍ਹੀਆਂ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ।
ਇਲਾਜ ਦੌਰਾਨ ਮੌਤ
ਗੰਭੀਰ ਜ਼ਖਮੀ ਸੂਰਿਆ ਨੂੰ ਤੁਰੰਤ ਪੰਚਕੂਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਬਿਜਲੀ ਦੀਆਂ ਇਸ ਤਰ੍ਹਾਂ ਖੁੱਲ੍ਹੀਆਂ ਤਾਰਾਂ ਨੂੰ ਸੁਰੱਖਿਅਤ ਕੀਤਾ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।