ਖ਼ਬਰਿਸਤਾਨ ਨੈੱਟਵਰਕ : ਲੁਧਿਆਣਾ ਵਿਚ ਜਾਗੋ ਦੌਰਾਨ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਜਗਰਾਉਂ ਦੇ ਪਿੰਡ ਮਲਕ ਤੋਂ ਸਾਹਮਣੇ ਆਇਆ, ਜਿਥੇ ਦੇਰ ਰਾਤ ਜਾਗੋ ਦੌਰਾਨ ਗੋਲੀਆਂ ਚੱਲ ਪਈਆਂ। ਦੱਸਿਆ ਜਾ ਰਿਹਾ ਹੈ ਕਿ ਇਕ ਸੁਨਿਆਰਾ ਜੋ ਡੀ ਜੇ ‘ਤੇ ਨੱਚ ਰਿਹਾ ਸੀ, ਉਸ ਦੀ ਛਾਤੀ ਅਤੇ ਲੱਕ ਵਿਚ ਗੋਲੀਆਂ ਮਾਰੀਆਂ ਗਈਆਂ। ਫਿਲਹਾਲ ਗੋਲੀਆਂ ਕਿਸ ਨੇ ਮਾਰੀਆਂ ਇਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਗਾਣਿਆਂ ਦੀ ਆਵਾਜ਼ ਨਾਲ ਗੋਲੀਆਂ ਦੀ ਆਵਾਜ਼ ਦੱਬੀ ਗਈ
ਡੀ ਜੇ ਉਤੇ ਲੱਗੇ ਗਾਣਿਆਂ ਦੀ ਆਵਾਜ਼ ਕਾਰਣ ਗੋਲੀਬਾਰੀ ਦੀ ਆਵਾਜ਼ ਵੀ ਦੱਬੀ ਗਈ। ਭੰਗੜਾ ਪਾ ਰੇਹੇ ਲੋਕਾਂ ਨੂੰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੁਨਿਆਰਾ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪਿਆ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਇੱਕ ਸਰਕਾਰੀ ਹਸਪਤਾਲ ਵੀ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਛਾਣ
ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ ਉਰਫ਼ ਲਵਲੀ ਵਜੋਂ ਹੋਈ ਹੈ। ਪੁਲਸ ਜਾਗੋ ਵਿੱਚ ਸ਼ਾਮਲ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ।
ਘਰ ਉਤੇ ਵੀ ਚੱਲ ਚੁੱਕੀਆਂ ਗੋਲੀਆਂ
ਕਿਹਾ ਜਾ ਰਿਹਾ ਹੈ ਕਿ ਲਵਲੀ ਨੂੰ ਧਮਕੀਆਂ ਦੇਣ ਵਾਲੇ ਲੋਕਾਂ ਨੇ ਮੁੱਲਾਂਪੁਰ ਸਥਿਤ ਉਸ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ। ਮੁੱਲਾਂਪੁਰ ਦਾਖਾ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਮਲਾਵਰ ਮੋਗਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਵਲੀ ਨੂੰ ਲੰਬੇ ਸਮੇਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਸੀ ਪਰ ਫਿਰ ਉਸਦੀ ਸੁਰੱਖਿਆ ਵਾਪਸ ਲੈ ਲਈ ਗਈ, ਜਿਸ ਤੋਂ ਬਾਅਦ ਉਸ ਨੇ ਆਪਣੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ।
ਗੋਲੀਆਂ ਅਚਾਨਕ ਚਲਾਈਆਂ ਗਈਆਂ ਜਾਂ ਕਿਸੇ ਨੇ ਜਾਣਬੁੱਝ ਕੇ ਚਲਾਈਆਂ ਇਸ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ।