ਲੁਧਿਆਣਾ ਵਿਚ ਇਕ ਭਾਂਡਿਆਂ ਦੀ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਕਾਫੀ ਨੁਕਸਾਨ ਹੋ ਗਿਆ। ਮਾਮਲਾ ਜਗਰਾਓਂ ਦੇ ਮੁੱਲਾਪੁਰ ਦੇ ਮੁੱਖ ਬਾਜ਼ਾਰ ਤੋਂ ਸਾਹਮਣੇ ਆਇਆ ਹੈ, ਜਿਥੇ ਜਿੰਦਲ ਬਰਤਨ ਸਟੋਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਬੀਤੇ ਦਿਨ ਸ਼ਾਮ ਕਰੀਬ 7.30 ਵਜੇ ਲੱਗੀ।
ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਾਇਆ ਕਾਬੂ
ਬਿਜਲੀ ਬੰਦ ਹੋਣ ਕਾਰਣ ਦੁਕਾਨ ਵਿੱਚ ਜਨਰੇਟਰ ਚੱਲ ਰਿਹਾ ਸੀ। ਜਨਰੇਟਰ ਚੱਲਣ ਦੇ ਬਾਵਜੂਦ ਅਚਾਨਕ ਬਿਜਲੀ ਬੰਦ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਕੀ ਕਹਿਣੈ ਦੁਕਾਨ ਮਾਲਕ ਦਾ
ਇਸ ਘਟਨਾ ਬਾਰੇ ਸਟੋਰ ਮਾਲਕ ਰਾਮ ਨਿਵਾਸ ਜਿੰਦਲ ਨੇ ਦੱਸਿਆ ਕਿ ਜਦੋਂ ਤੀਸਰੀ ਮੰਜ਼ਿਲ ‘ਤੇ ਜਨਰੇਟਰ ਦੀ ਜਾਂਚ ਕਰਨ ਲਈ ਕਿਸੇ ਨੂੰ ਭੇਜਿਆ ਤਾਂ ਜਿਵੇਂ ਹੀ ਉਹ ਦੂਜੀ ਮੰਜ਼ਿਲ ‘ਤੇ ਪਹੁੰਚਿਆ ਤਾਂ ਉਸ ਨੇ ਅੱਗ ਦੀਆਂ ਲਪਟਾਂ ਦੇਖੀਆਂ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਸ-ਪਾਸ ਦੇ ਦੁਕਾਨਦਾਰ ਤੁਰੰਤ ਮੌਕੇ ‘ਤੇ ਪਹੁੰਚੇ। ਬੜੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ।
ਹੋਇਆ ਭਾਰੀ ਨੁਕਸਾਨ
ਦੁਕਾਨ ਮਾਲਕ ਨੇ ਕਿਹਾ ਕਿ ਅੱਗ ਕਾਫੀ ਭਿਆਨਕ ਸੀ, ਜਿਸ ਕਾਰਣ ਉਸ ਦਾ ਕਾਫੀ ਨੁਕਸਾਨ ਹੋਇਆ ਹੈ। ਦੂਜੀ ਮੰਜ਼ਿਲ ‘ਤੇ ਰੱਖਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।