ਜਲੰਧਰ ਨਗਰ ਨਿਗਮ ਹਾਊਸ ਦੀ ਪਹਿਲੀ ਮੀਟਿੰਗ ਵੀਰਵਾਰ ਨੂੰ ਹੋਈ। ਜਿਵੇਂ ਹੀ ਮੇਅਰ ਵਿਨੀਤ ਧੀਰ ਨੇ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਵਿਰੋਧੀ ਕੌਂਸਲਰਾਂ ਨੇ ਭਾਰੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਅਰ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮੀਟਿੰਗ ਖਤਮ ਹੋਣ ਤੋਂ ਬਾਅਦ, ਮੇਅਰ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਜਲੰਧਰ ਦੀ ਤਰੱਕੀ ਨਹੀਂ ਦੇਖਣਾ ਚਾਹੁੰਦੇ।
ਹਰੇਕ ਕੌਂਸਲਰ ਨੂੰ ਦਿੱਤੇ ਜਾਣਗੇ ਸਫ਼ਾਈ ਕਰਮਚਾਰੀ
ਮੇਅਰ ਵਿਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਹਰੇਕ ਕੌਂਸਲਰ ਨੂੰ ਸਫ਼ਾਈ ਕਰਮਚਾਰੀ ਦਿੱਤੇ ਜਾਣਗੇ। ਸ਼ਹਿਰ ਦੇ ਸਾਰੇ ਕੂੜੇ ਦੇ ਡੰਪ ਢੱਕੇ ਜਾਣਗੇ। ਮੈਡੀਕਲ ਰਹਿੰਦ-ਖੂੰਹਦ ਲਈ 110 ਬੋਲੈਰੋ ਗੱਡੀਆਂ ਲਈਆਂ ਜਾਣਗੀਆਂ ਅਤੇ ਨਹਿਰਾਂ ਦੀ ਫੈਸਿੰਗ ਕੀਤੀ ਜਾਵੇਗੀ। ਉੱਥੇ ਉਨ੍ਹਾਂ ਨੂੰ ਇਨਕਮ ਜਨਰੇਟ ਕਰਨ ਲਈ ਮੋਬਲਾਇਜ਼ ਕੀਤਾ ਜਾਵੇਗਾ ਅਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਟੇਰਲਾਇਜ਼ਸ਼ਨ ਕੀਤੀ ਜਾਵੇਗੀ।
1000 ਰੁਪਏ ਵਾਅਦੇ ਵਾਲੀ ਟੀ-ਸ਼ਰਟਾਂ ਪਾ ਕੇ ਪਹੁੰਚੇ ਕੌਂਸਲਰ
ਇਸ ਮੀਟਿੰਗ ਦੌਰਾਨ, ਵਿਰੋਧੀ ਕੌਂਸਲਰ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਦੀਆਂ ਟੀ-ਸ਼ਰਟਾਂ ਪਾ ਕੇ ਪਹੁੰਚੇ । ਜਿਸ ‘ਤੇ ਲਿਖਿਆ ਸੀ ਕਿ ਤੁਸੀਂ 1000×30 ਕਦੋਂ ਦੇਵੋਗੇ। ਮੀਟਿੰਗ ਦੌਰਾਨ ਹੀ ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੇਅਰ ਵੱਲੋਂ ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ ਵੀ ਕੌਂਸਲਰਾਂ ਨੇ ਹੰਗਾਮਾ ਕਰਨਾ ਜਾਰੀ ਰੱਖਿਆ। ਇਸ ਦੌਰਾਨ ਕਾਂਗਰਸ ਕੌਂਸਲਰ ਸ਼ੈਰੀ ਚੱਢਾ ਅਤੇ ਭਾਜਪਾ ਕੌਂਸਲਰ ਰਾਜੀਵ ਢੀਂਗਰਾ ਨੇ ਮੇਅਰ ਦਾ ਸਖ਼ਤ ਵਿਰੋਧ ਕੀਤਾ।
ਲੋਕ ਜਲੰਧਰ ਦੀ ਤਰੱਕੀ ਨਹੀਂ ਦੇਖਣਾ ਚਾਹੁੰਦੇ – ਮੇਅਰ
ਭਾਰੀ ਹੰਗਾਮੇ ਤੋਂ ਬਾਅਦ ਮੀਟਿੰਗ ਖਤਮ ਹੋ ਗਈ। ਮੇਅਰ ਵਿਨੀਤ ਧੀਰ ਨੇ ਇਸ ਦੌਰਾਨ ਕਿਹਾ ਕਿ ਅਸੀਂ ਇੱਕ ਵੀ ਦਿਨ ਬਰਬਾਦ ਨਹੀਂ ਕੀਤਾ। ਅੱਜ ਸਾਨੂੰ ਆਪਣੀ ਮਿਹਨਤ ਦਿਖਾਉਣੀ ਸੀ ਪਰ ਇਹ ਲੋਕ ਜਲੰਧਰ ਦੀ ਤਰੱਕੀ ਨਹੀਂ ਦੇਖਣਾ ਚਾਹੁੰਦੇ। ਕਾਂਗਰਸੀਆਂ ਨੂੰ ਤਰੱਕੀ ਬਾਰੇ ਗੱਲ ਕਰਦੇ ਵੀ ਨਹੀਂ ਸੁਣਿਆ ਗਿਆ। ਜਦੋਂ ਸ਼ਹਿਰ ਤਰੱਕੀ ਕਰੇਗਾ ਤਾਂ ਉਨ੍ਹਾਂ ਦਾ ਕੀ ਬਣੇਗਾ?