ਖਬਰਿਸਤਾਨ ਨੈੱਟਵਰਕ-ਵਿਦੇਸ਼ਾਂ ਵਿਚੋਂ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਜਹਾਜ਼ ਵਿਚ ਇਕ ਔਰਤ ਦੀ ਮੌਤ ਹੋ ਗਈ।ਦਰਅਸਲ ਚਾਰ ਸਾਲਾਂ ਬਾਅਦ ਕੈਨੇਡਾ ਆਪਣੀ ਧੀ ਨੂੰ ਮਿਲਣ ਜਾ ਰਹੀ ਮਾਂ ਦੀ ਫਲਾਈਟ ਵਿਚ ਹੀ ਮੌਤ ਹੋ ਗਈ।
ਮ੍ਰਿਤਕਾ ਜਲੰਧਰ ਦੇ ਭੋਗਪੁਰ ਦੀ ਰਹਿਣ ਵਾਲੀ ਸੀ, ਜਿਸ ਦਾ ਨਾਂ ਪਰਮਜੀਤ ਕੌਰ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਰਮਜੀਤ ਕੌਰ 12 ਮਾਰਚ, 2025 ਨੂੰ ਦਿੱਲੀ ਤੋਂ ਏਅਰ ਕੈਨੇਡਾ ਦੀ ਫਲਾਈਟ ‘ਚ ਸਵਾਰ ਹੋ ਕੇ ਆਪਣੀ ਧੀ ਪ੍ਰਿਆ ਗਿੱਲ ਅਤੇ ਜਵਾਈ ਜਸਵਿੰਦਰ ਸਿੰਘ ਨੂੰ ਮਿਲਣ ਲਈ ਕੈਨੇਡਾ ਆ ਰਹੀ ਸੀ। ਉਹ 4 ਸਾਲਾਂ ਬਾਅਦ ਆਪਣੀ ਧੀ ਨੂੰ ਦੇਖਣ ਲਈ ਕੈਨੇਡਾ ਜਾ ਰਹੀ ਸੀ ਪਰ ਫਲਾਈਟ ‘ਚ ਅਚਾਨਕ ਸਿਹਤ ਵਿਗੜਨ ਕਾਰਨ ਦਿਹਾਂਤ ਹੋ ਗਿਆ। ਦਿੱਲੀ ਤੋਂ ਟੋਰਾਂਟੋ ਦੀ ਫਲਾਈਟ ਦੀ ਮੈਡੀਕਲ ਐਮਰਜੈਂਸੀ ਕਾਰਨ ਨਿਊਫਾਊਂਡਲੈਂਡ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਸਾਰੀ ਘਟਨਾ ਦੀ ਜਾਣਕਾਰੀ ਗੋ-ਫੰਡ ਮੀ ਉੱਪਰ ਸਾਹਿਲ ਸਹਾਰਨ ਵੱਲੋਂ ਦਿੱਤੀ ਗਈ ਹੈ ਜੋ ਕਿ ਜਸਵਿੰਦਰ ਸਿੰਘ ਅਤੇ ਪ੍ਰਿਆ ਗਿੱਲ ਦਾ ਦੋਸਤ ਹੈ। ਸਾਹਿਲ ਨੇ ਦੱਸਿਆ ਕਿ ਪ੍ਰਿਆ ਦੀ ਮਾਂ ਦੀ ਮ੍ਰਿਤਕ ਦੇਹ ਨਿਊਫਾਊਂਡਲੈਂਡ ‘ਚ ਹੀ ਹੈ।
ਇਸ ਲਈ ਪਰਮਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਨਿਊਫਾਊਂਡਲੈਂਡ ਤੋਂ ਭਾਰਤ ਵਾਪਸ ਭੇਜਣ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਪਰਿਵਾਰਕ ਮੈਂਬਰ ਅਖੀਰਲੀ ਵਾਰ ਉਨ੍ਹਾਂ ਨੂੰ ਦੇਖ ਸਕਣ ਅਤੇ ਅੰਤਿਮ ਰਸਮਾਂ ਨਿਭਾ ਸਕਣ। ਦੱਸਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਕਿਸੇ ਦੀ ਫਲ਼ਾਈਟ ‘ਚ ਮੌਤ ਹੋ ਗਈ ਹੋਵੇ।
ਇਸ ਤੋਂ ਪਹਿਲਾਂ ਵੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿਸ ‘ਚ ਇੱਕ ਦਾਦੀ ਆਪਣੇ ਪੋਤੇ ਅਤੇ ਬੱਚਿਆਂ ਨੂੰ ਮਿਲ ਕੇ ਪੰਜਾਬ ਵਾਪਸ ਜਾ ਰਹੀ ਸੀ ਕਿ ਫਲਾਈਟ ‘ਚ ਬੈਠਣ ਤੋਂ ਕੁੱਝ ਸਮਾਂ ਬਾਅਦ ਹੀ ਉਸ ਨੂੰ ਸਾਹ ਔਖਾ ਆਉਣ ਲੱਗਾ ਅਤੇ ਉਸ ਦੀ ਵੀ ਮੌਤ ਹੋ ਗਈ ਸੀ।