ਪੰਜਾਬ ‘ਚ ਸੜਕ ਹਾਦਸੇ ਰੁਕਣ ਦੀ ਵਜਾਏ ਦਿਨੋ-ਦਿਨ ਵੱਧ ਰਹੇ ਹਨ| ਇਨ੍ਹਾਂ ਹਾਦਸਿਆਂ ‘ਚ ਕਈਆਂ ਦੀ ਮੌਤ ਹੋ ਜਾਂਦੀ ਹੈ| ਅਜਿਹਾ ਇੱਕ ਭਿਆਨਕ ਸੜਕ ਹਾਦਸਾ ਮੋਗਾ ‘ਚ ਅੰਮ੍ਰਿਤਸਰ ਰੋਡ ‘ਤੇ ਪਿੰਡ ਲੋਹਾਰਾ ਨੇੜੇ ਵਾਪਰਿਆ | ਜਿੱਥੇ ਦੇਰ ਰਾਤ ਇੱਕ ਸਵਿਫਟ ਅਤੇ ਇੱਕ ਆਲਟੋ ਕਾਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ|
ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ। ਕਾਰਾਂ ਦੀ ਆਹਮੋ-ਸਾਹਮਣੇ ਟੱਕਰ ‘ਚ ਵਾਹਨਾਂ ਵਿੱਚ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ। ਸਵਿਫਟ ਕਾਰ ਵਿੱਚ ਸਵਾਰ ਲੋਕ ਲੁਧਿਆਣਾ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।
ਮੋਗਾ ਨਗਰ ਨਿਗਮ ਦੇ ਮੇਅਰ ਅਤੇ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਬਲਜੀਤ ਸਿੰਘ ਨੇ ਕਿਹਾ ਕਿ ਇੱਕ ਨੌਜਵਾਨ ਨੂੰ ਕਾਰ ਵਿੱਚੋਂ ਬਾਹਰ ਕੱਢਣ ਵਿੱਚ ਬਹੁਤ ਮੁਸ਼ਕਲ ਆਈ। ਇਸ ਵੇਲੇ ਦੋ ਜ਼ਖਮੀ ਵਿਅਕਤੀ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਸਮਾਜ ਸੇਵਾ ਸੋਸਾਇਟੀ ਅਤੇ 108 ਐਂਬੂਲੈਂਸ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਦੋ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਗੰਭੀਰ ਜ਼ਖਮੀਆਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ।