ਬਠਿੰਡਾ ‘ਚ ਕਿਸਾਨਾਂ ਨੇ ਅੰਦੋਲਨ ‘ਚ ਜਾਨ ਗੁਆਉਣ ਵਾਲੇ ਸ਼ੁਭਕਰਨ ਦੀ ਪਹਿਲੀ ਬਰਸੀ ‘ਤੇ ਉਸਦੇ ਬੁੱਤ ਦਾ ਉਦਘਾਟਨ ਕੀਤਾ | ਇਸ ਮੌਕੇ ਸ਼ੁਭਕਰਨ ਦੇ ਜੱਦੀ ਪਿੰਡ ਬੱਲੋਂ (ਬਠਿੰਡਾ) ਅਤੇ ਤਿੰਨ ਸਰਹੱਦਾਂ ਸ਼ੰਭੂ, ਖਨੌਰੀ ਅਤੇ ਰਤਨਪੁਰ ਵਿਖੇ ਸ਼ਹੀਦੀ ਪ੍ਰੋਗਰਾਮ ਆਯੋਜਿਤ ਕੀਤੇ ਹਨ। ਸ਼ਾਮ ਨੂੰ ਇੱਕ ਕੈਂਡਲ ਮਾਰਚ ਕੱਢਿਆ ਜਾਵੇਗਾ | ਖਨੌਰੀ ਸਰਹੱਦ ‘ਤੇ ਕਿਸਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ | ਸ਼ੁਭਕਰਨ ਦੀ ਪਿਛਲੇ ਸਾਲ ਹਰਿਆਣਾ ਪੁਲਿਸ ਨਾਲ ਹੋਈ ਝੜਪ ਦੌਰਾਨ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ।
ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ 88ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। 22 ਤਰੀਕ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਛੇਵੇਂ ਦੌਰ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ, ਉਨ੍ਹਾਂ ਨੇ ਐਮਐਸਪੀ ਦੇ ਮੁੱਦੇ ‘ਤੇ ਲੋਕਾਂ ਤੋਂ ਸੁਝਾਅ ਮੰਗੇ ਹਨ, ਤਾਂ ਜੋ ਉਹ ਕਿਸਾਨਾਂ ਦੀ ਲੜਾਈ ਮਜ਼ਬੂਤੀ ਨਾਲ ਲੜ ਸਕਣ।
ਕਿਸਾਨ ਆਗੂ ਡੱਲੇਵਾਲ ਨੇ ਦਿੱਤਾ ਸੰਦੇਸ਼
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੱਤ ਮਿੰਟ ਦਾ ਸੰਦੇਸ਼ ਦਿੱਤਾ। ਸੁਨੇਹੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਇਹ ਲੜਾਈ ਬਹੁਤ ਅੱਗੇ ਵਧੀ ਹੈ, ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ, ਉਸ ਸਮੇਂ ਲੋਕਾਂ ਨੂੰ ਐਮਐਸਪੀ ਬਾਰੇ ਕੁਝ ਵੀ ਨਹੀਂ ਪਤਾ ਸੀ।
ਇੱਕ ਸਾਲ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ‘ਤੇ ਬੈਠੇ ਹਨ ਕਿਸਾਨ
ਜ਼ਿਕਰਯੋਗ ਹੈ ਕਿ ਕਿਸਾਨੀ ਤੇ ਐਮ ਐਸ ਪੀ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ ਸਾਲ 13 ਫਰਵਰੀ 2024 ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਉਤੇ ਬੈਠੇ ਹੋਏ ਹਨ। ਇਹ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ| ਕਿਸਾਨ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਸਨ ਪਰ ਹਰਿਆਣਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇਸ ਦੌਰਾਨ ਕਿਸਾਨਾਂ ਨੇ 3 ਵਾਰ ਪੈਦਲ ਜਥਿਆਂ ਦੇ ਰੂਪ ਵਿਚ ਵੀ ਜਾਣ ਦੀ ਕੋਸ਼ਿਸ਼ ਕੀਤੀ ਪਰ ਫੇਰ ਵੀ ਉਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ, ਉਸ ਤੋਂ ਬਾਅਦ ਕਿਸਾਨਾਂ ਨੇ ਉਥੇ ਹੀ ਪੱਕਾ ਮੋਰਚਾ ਲਾ ਲਿਆ, ਜਿਨ੍ਹਾਂ ਨੂੰ ਧਰਨੇ ਉਤੇ ਬੈਠਿਆਂ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਬੇਸਿੱਟਾਂ ਰਹੀਆਂ ਸਨ।