ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਧੀ ਹਰਕੀਰਤ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਿਚ ਕਈ ਸਿਆਸੀ ਤੇ ਹੋਰ ਵੱਡੀਆਂ ਹਸਤੀਆਂ ਪੁੱਜੀਆਂ। ਦੱਸ ਦੇਈਏ ਕਿ ਵਿਆਹ 12 ਫਰਵਰੀ ਨੂੰ ਤੇਜਵੀਰ ਸਿੰਘ ਨਾਲ ਸੁਖਬੀਰ ਬਾਦਲ ਦੀ ਧੀ ਦਾ ਵਿਆਹ ਹੋਇਆ।
ਰਿਸੈਪਸ਼ਨ ਪਾਰਟੀ ‘ਚ ਪੁੱਜੀਆਂ ਵੱਡੀਆਂ ਹਸਤੀਆਂ
ਵਿਆਹ ਤੋਂ ਬਾਅਦ ਬੀਤੇ ਦਿਨ ਸੋਮਵਾਰ ਨੂੰ ਮੁਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਇੱਕ ਨਿੱਜੀ ਫਾਰਮ ਹਾਊਸ ਵਿੱਚ ਇੱਕ ਰਿਸੈਪਸ਼ਨ ਪਾਰਟੀ ਰੱਖੀ ਗਈ, ਜਿਸ ਵਿੱਚ ਵੱਡੇ ਸਿਆਸਤਦਾਨ, ਪੰਜਾਬੀ ਕਲਾਕਾਰ ਤੇ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਤੇ ਖੂਬ ਰੌਣਕ ਲੱਗੀ।
ਰਿਸੈਪਸ਼ਨ ਪਾਰਟੀ ਵਿੱਚ ਉਪ-ਰਾਸ਼ਟਰਪਤੀ ਜਗਦੀਪ ਧਨਖੜ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਮੌਜੂਦਾ ਮੁੱਖ ਮੰਤਰੀ ਉਮਰ ਅਬਦੁੱਲਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਦੇ ਮੰਤਰੀ ਅਨਿਲ ਵਿਜ, ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਪੰਜਾਬੀ ਗਾਇਕ ਬੱਬੂ ਮਾਨ, ਗਿੱਪੀ ਗਰੇਵਾਲ, ਅਦਾਕਾਰ ਗੁਰਪ੍ਰੀਤ ਘੁੱਗੀ, ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਵਿਆਹ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਪਿਊਸ਼ ਗੋਇਲ ਸਮੇਤ ਭਾਜਪਾ ਦੇ ਕਈ ਵੱਡੇ ਚਿਹਰੇ ਪਹੁੰਚੇ ਸਨ।
12 ਫਰਵਰੀ ਨੂੰ ਹੋਇਆ ਸੀ ਵਿਆਹ
ਸੁਖਬੀਰ ਬਾਦਲ ਦੀ ਧੀ ਦਾ ਵਿਆਹ 12 ਫਰਵਰੀ ਨੂੰ ਦਿੱਲੀ ਦੇ ਮਹਿਰੌਲੀ ਦੇ ਇੱਕ ਫਾਰਮ ਹਾਊਸ ਵਿੱਚ ਹੋਇਆ ਸੀ। ਵਿਆਹ ਵਾਲੇ ਦਿਨ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਪਿਊਸ਼ ਗੋਇਲ ਤੇ ਅਨੁਪ੍ਰਿਆ ਪਟੇਲ, ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਰਵੀ ਸ਼ੰਕਰ ਪ੍ਰਸਾਦ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਅਧਿਆਤਮਿਕ ਗੁਰੂ ਸ੍ਰੀ ਸ਼੍ਰੀ ਰਵੀ ਸ਼ੰਕਰ, ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ, ਅਭੈ ਚੌਟਾਲਾ ਤੇ ਨਰੇਸ਼ ਗੁਜਰਾਲ ਮੌਜੂਦ ਸਨ।
ਹਰਕੀਰਤ ਕੌਰ ਬਾਦਲ ਦਾ ਵਿਆਹ ਕਾਰੋਬਾਰੀ ਤੇਜਬੀਰ ਸਿੰਘ ਨਾਲ ਹੋਇਆ ਹੈ। ਤੇਜਬੀਰ ਸਿੰਘ ਇੱਕ ਅੰਤਰਰਾਸ਼ਟਰੀ ਕਾਰੋਬਾਰੀ ਹੈ। ਸੁਖਬੀਰ ਬਾਦਲ ਦਾ ਜਵਾਈ ਮੂਲ ਰੂਪ ਵਿੱਚ ਦੁਆਬਾ ਖੇਤਰ ਨਾਲ ਸਬੰਧਤ ਹੈ। ਤੇਜਬੀਰ ਸਿੰਘ ਅਬੂ ਧਾਬੀ ਦਾ ਇੱਕ ਕਾਰੋਬਾਰੀ ਹੈ। ਤੇਜਬੀਰ ਦਾ ਪਰਿਵਾਰ ਪੰਜਾਬ ਦੇ ਦੋਆਬਾ ਖੇਤਰ ਤੋਂ ਹੈ, ਪਰ ਉਹ ਕਈ ਦਹਾਕਿਆਂ ਤੋਂ ਆਪਣੇ ਮਾਪਿਆਂ ਨਾਲ ਅਬੂ ਧਾਬੀ ਵਿੱਚ ਰਹਿ ਰਿਹਾ ਹੈ। ਉਸ ਦਾ ਅਬੂ ਧਾਬੀ, ਦੁਬਈ ਤੇ ਕੈਨੇਡਾ ਵਿੱਚ ਕਾਰੋਬਾਰ ਹੈ। ਤੇਜਬੀਰ ਜਨਵਰੀ ਵਿੱਚ ਆਪਣੇ ਵਿਆਹ ਲਈ ਭਾਰਤ ਆਇਆ ਸੀ।
ਸੰਗੀਤ ਸਮਾਰੋਹ
ਵਿਆਹ ਤੋਂ ਪਹਿਲਾਂ ਦਾ ਸੰਗੀਤ ਸਮਾਰੋਹ 10 ਫਰਵਰੀ ਨੂੰ ਗੁਰੂਗ੍ਰਾਮ ਦੇ ਟ੍ਰਾਈਡੈਂਟ ਵਿਖੇ ਹੋਇਆ। ਇਸ ਵਿੱਚ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਪਰਫਾਰਮੈਂਸ ਦਿੱਤੀ। ਵਿਆਹ ਵਿੱਚ ਕਈ ਵੱਡੇ ਨੇਤਾ ਸ਼ਾਮਲ ਹੋਏ। ਹਰਿਆਣਾ ਦੇ ਚੌਟਾਲਾ ਪਰਿਵਾਰ ਤੋਂ ਦਿਗਵਿਜੇ ਸਿੰਘ ਚੌਟਾਲਾ, ਅਜੈ ਚੌਟਾਲਾ ਤੇ ਅਭੈ ਚੌਟਾਲਾ ਵੀ ਮੌਜੂਦ ਸਨ।