ਅਮਰੀਕਾ ਤੋਂ ਹੁਣ ਤੱਕ ਡਿਪੋਰਟ ਕੀਤੇ ਭਾਰਤੀਆਂ ਦੇ 3 ਜਹਾਜ਼ ਅੰਮ੍ਰਿਤਸਰ ਲੈਂਡ ਕਰ ਚੁੱਕੇ ਹਨ। ਇਨ੍ਹਾਂ ਵਿਚ ਅਮਰੀਕਾ ਤੋਂ ਡਿਪੋਰਟ ਹੋਣ ਵਾਲਾ ਇੱਕ ਨੌਜਵਾਨ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦਾ ਰਹਿਣਾ ਵਾਲਾ ਹੈ। ਦੱਸ ਦੇਈਏ ਕਿ ਉਕਤ ਨੌਜਵਾਨ 22 ਦਿਨ ਪਹਿਲਾਂ ਇੰਗਲੈਂਡ ਤੋਂ ਮੈਕਸਿਕੋ ਰਾਹੀਂ ਅਮਰੀਕਾ ਦਾਖਲ ਹੋਇਆ ਸੀ, ਜਿਸ ਨੂੰ ਕਿ ਹੁਣ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ ਹੈ।
22 ਲੱਖ ਲਾ ਕੇ ਭੇਜਿਆ ਸੀ ਇੰਗਲੈਂਡ
ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦੇ ਨੌਜਵਾਨ ਸੁਖਚੈਨ ਸਿੰਘ ਪੁੱਤਰ ਹਰਦੀਪ ਸਿੰਘ ਦੇ ਪਰਿਵਾਰ ਨੇ ਰੋਂਦੇ ਹੋਏ ਦੱਸਿਆ ਕਿ ਸੁਖਚੈਨ ਸਿੰਘ ਨੂੰ ਢਾਈ ਸਾਲ ਪਹਿਲਾਂ ਜ਼ਮੀਨ ਵੇਚ ਕੇ 22 ਲੱਖ ਰੁਪਏ ਲਗਾ ਕੇ ਇੰਗਲੈਂਡ ਭੇਜਿਆ ਸੀ ਅਤੇ ਉੱਥੇ ਉਹ ਵਧੀਆ ਕੰਮ ਕਾਰ ਕਰਦਾ ਸੀ ਪਰ ਕੁਝ ਦਿਨ ਪਹਿਲਾਂ ਉਹ ਇੱਕ ਏਜੈਂਟ ਦੇ ਝਾਂਸੇ ਵਿੱਚ ਆ ਗਿਆ ਅਤੇ ਅੱਜ ਤੋਂ 22 ਦਿਨ ਪਹਿਲਾਂ ਸੁਖਚੈਨ ਸਿੰਘ ਨੇ ਇੰਗਲੈਂਡ ਅਤੇ ਮੈਕਸਿਕੋ ਦੇਸ਼ ਦੇ ਬਾਰਡਰ ਜਰੀਏ ਉਹ ਅਮਰੀਕਾ ਵਿੱਚ ਦਾਖਲ ਹੋ ਗਿਆ ਸੀ ।
ਇੰਗਲੈਂਡ ਤੋਂ ਗਿਆ ਅਮਰੀਕਾ
ਪਰਿਵਾਰ ਨੇ ਦੱਸਿਆ ਕਿ ਕੁਝ ਦਿਨ ਉਸ ਦੇ ਫੋਨ ਆਉਂਦੇ ਰਹੇ, ਜਿਸ ਤੋਂ ਬਾਅਦ ਉਸ ਦੇ ਫੋਨ ਆਉਣੇ ਬੰਦ ਹੋ ਗਏ ਅਤੇ ਅੱਜ ਪਤਾ ਲੱਗਿਆ ਕਿ ਉਹਨਾਂ ਦਾ ਲੜਕਾ ਸੁਖਚੈਨ ਸਿੰਘ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਭਾਰਤ ਵਾਪਸ ਭੇਜ ਦਿੱਤਾ ਗਿਆ।ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ 22 ਲੱਖ ਰੁਪਏ ਆਪਣੀ ਜ਼ਮੀਨ ਵੇਚ ਕੇ ਲਾਇਆ ਤੇ ਹੁਣ ਫਿਰ ਉਹਨਾਂ ਨੇ 20 ਲੱਖ ਰੁਪਏ ਜ਼ਮੀਨ ਵੇਚ ਕੇ ਉਸ ਏਜੰਟ ਨੂੰ ਦਿੱਤਾ ਸੀ, ਜਿਸ ਨੇ ਸੁਖਚੈਨ ਸਿੰਘ ਨੂੰ ਅਮਰੀਕਾ ਭੇਜਿਆ ਸੀ।
ਸਰਕਾਰ ਤੋਂ ਕੀਤੀ ਮਦਦ ਦੀ ਮੰਗ
ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਮਦਦ ਕੀਤੀ ਜਾਵੇ ਜਾਂ ਸੁਖਚੈਨ ਸਿੰਘ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਏਜੰਟ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ ਹੈ।