ਜਲੰਧਰ ‘ਚ ਮੀਟਰ ਲਗਾਉਣ ਲਈ ਰਿਸ਼ਵਤ ਮੰਗਣ ਨੂੰ ਲੈ ਕੇ ਪੀਐਸਪੀਸੀਐਲ ਦੇ ਇਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦਫ਼ਤਰ, ਪਿੰਡ ਬਡਿੰਗ, ਜਲੰਧਰ ਛਾਉਣੀ ਵਿਖੇ ਤਾਇਨਾਤ ਸ਼ਿਕਾਇਤ ਪ੍ਰਬੰਧਨ ਸ਼ਾਖਾ (ਸੀਐਚਬੀ) ਦੇ ਸਹਾਇਕ ਚਰਨਜੀਤ ਸਿੰਘ ਨੂੰ 2000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਕਾਰਵਾਈ ਰਾਕੇਸ਼ ਕੁਮਾਰ, ਵਾਸੀ ਸੈਨਿਕ ਵਿਹਾਰ, ਪਿੰਡ ਢਿਲੋਂ, ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।
ਮੀਟਰ ਲਗਾਉਣ ਬਦਲੇ ਮੰਗੀ ਰਿਸ਼ਵਤ
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਿੱਤੀ ਸੀ ਕਿ ਜਲੰਧਰ ਦੇ ਰੋਜ਼ ਕਲੋਨੀ ਬਡਿੰਗ ਵਿਖੇ ਉਸ ਦੇ ਰਿਸ਼ਤੇਦਾਰ ਦੇ ਘਰ ਘਰੇਲੂ ਬਿਜਲੀ ਸਪਲਾਈ ਲਈ ਨਵਾਂ ਮੀਟਰ ਲਗਾਉਣ ਦੇ ਬਦਲੇ ਸਬੰਧਤ ਜੂਨੀਅਰ ਇੰਜੀਨੀਅਰ (ਜੇਈ) ਸੁਰਜੀਤ ਸਿੰਘ ਨੇ ਉਸ ਲਈ 5,000 ਰੁਪਏ ਅਤੇ ਕਰਮਚਾਰੀ ਲਈ 500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਦੋਸ਼ੀ ਨੇ 31-01-2025 ਨੂੰ ਉਸ ਘਰ ਵਿੱਚ ਬਿਜਲੀ ਮੀਟਰ ਲਗਾਉਂਦੇ ਸਮੇਂ ਉਸ ਤੋਂ 3500 ਰੁਪਏ ਲਏ ਸਨ ਅਤੇ ਬਾਕੀ ਰਕਮ ਬਾਅਦ ਵਿੱਚ ਅਦਾ ਕਰਨ ਲਈ ਕਿਹਾ ਸੀ। ਹੁਣ ਉਕਤ ਦੋਸ਼ੀ ਪੀੜਤ ਤੋਂ 2000 ਰੁਪਏ ਦੀ ਬਕਾਇਆ ਰਕਮ ਦੀ ਮੰਗ ਕਰ ਰਿਹਾ ਹੈ ਅਤੇ ਧਮਕੀ ਦੇ ਰਿਹਾ ਹੈ ਕਿ ਨਹੀਂ ਤਾਂ ਉਹ ਮੀਟਰ ਲਾਹ ਦੇਵੇਗਾ।
ਰੰਗੇ ਹੱਥੀਂ ਕੀਤਾ ਕਾਬੂ
ਬੁਲਾਰੇ ਨੇ ਕਿਹਾ ਕਿ ਪੀੜਤ ਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਜਲੰਧਰ ਰੇਂਜ ਦੀ ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ, ਜਿਸ ਦੌਰਾਨ ਦੋਸ਼ੀ ਸੀਐਚਬੀ ਸਹਾਇਕ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 2000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਉਕਤ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਦੌਰਾਨ ਸਬੰਧਤ ਜੇਈ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।