ਜਲੰਧਰ ਦੇ ਕਿਸ਼ਨਪੁਰਾ ਨੇੜੇ ਵਿਕਾਸਪੁਰੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਪੁੱਜੇ ਨਗਰ ਨਿਗਮ ਦੇ ਜੇ ਈ ਉਤੇ ਪਿਉ-ਪੁੱਤ ਨੇ ਹਮਲਾ ਕਰ ਦਿੱਤਾ। ਜੇ ਈ ਇਥੇ ਆਪਣੀ ਟੀਮ ਨਾਲ ਪੁੱਜੇ ਸਨ।
ਇਸ ਘਟਨਾ ਵਿੱਚ ਜੇ ਈ ਸੁਨੀਲ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਗੱਡੀ ਨੂੰ ਪਿੱਛੇ ਕਰਨ ਨੂੰ ਲੈ ਕੇ ਪਿਓ-ਪੁੱਤ ਨਾਲ ਝਗੜਾ ਹੋ ਗਿਆ। ਇਸ ਦੌਰਾਨ ਦੋਵਾਂ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਜੇਈ ‘ਤੇ ਹਮਲਾ ਕਰ ਦਿੱਤਾ।
ਵਾਰਡ ਨੰਬਰ 74 ਦਾ ਮਾਮਲਾ
ਜੇ ਈ ਨੇ ਕਿਹਾ ਕਿ ਉਹ ਵਾਰਡ ਨੰਬਰ 74 ਵਿੱਚ ਟੀਮ ਨਾਲ ਕੰਮ ਕਰਵਾ ਰਹੇ ਸਨ। ਇਸ ਦੌਰਾਨ ਪਿਓ-ਪੁੱਤ ਦੀ ਜੋੜੀ ਨੇ ਉਸ ‘ਤੇ, ਡਰਾਈਵਰ ਅਤੇ ਹੋਰ ਕਰਮਚਾਰੀ ‘ਤੇ ਹਮਲਾ ਕਰ ਦਿੱਤਾ। ਘਟਨਾ ਦੌਰਾਨ ਮੌਕੇ ਤੋਂ ਇੱਕ ਦਾਤ, ਇੱਕ ਕੜਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
ਇਸ ਕਾਰਣ ਹੋਇਆ ਵਿਵਾਦ
ਕੌਂਸਲਰ ਰਾਜੇਸ਼ ਠਾਕੁਰ ਮੌਕੇ ‘ਤੇ ਪਹੁੰਚੇ ਅਤੇ ਮਾਮਲਾ ਸੁਲਝਾ ਲਿਆ ਗਿਆ। ਪੀੜਤ ਨੇ ਦੱਸਿਆ ਕਿ ਗੱਡੀ ਪਿੱਛੇ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ, ਪਿਓ-ਪੁੱਤਰ ਨੇ ਗੱਡੀ ਦੇ ਟਾਇਰ ਦੀ ਹਵਾ ਕੱਢਣ ਦੀ ਧਮਕੀ ਦਿੰਦੇ ਹੋਏ ਹੱਥੋਪਾਈ ਕੀਤੀ। ਪੀੜਤ ਨੇ ਕਿਹਾ ਕਿ ਦੋਵਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਨਹੀਂ ਤਾਂ ਕੋਈ ਵੀ ਵਰਕਰ ਇਲਾਕੇ ਵਿੱਚ ਕੰਮ ਨਹੀਂ ਕਰੇਗਾ।
ਕੀ ਕਹਿਣੈ ਇਲਾਕੇ ਦੇ ਕੌਂਸਲਰ ਦਾ
ਕੌਂਸਲਰ ਰਾਜੇਸ਼ ਠਾਕੁਰ ਨੇ ਕਿਹਾ ਕਿ ਉਹ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਜੇਈ ਨਾਲ ਕੰਮ ਕਰਵਾ ਰਹੇ ਸਨ। ਇਸ ਦੌਰਾਨ ਪਿਓ-ਪੁੱਤ ਨੇ ਜੇਈ ‘ਤੇ ਕੜੇ ਨਾਲ ਹਮਲਾ ਕਰ ਦਿੱਤਾ। ਕੌਂਸਲਰ ਨੇ ਕਿਹਾ ਕਿ ਜਦੋਂ ਉਹ ਬਾਲ ਕਿਸ਼ਨ ਬਾਲੀ ਨਾਲ ਕਿਸੇ ਕੰਮ ਲਈ ਗਏ ਸੀ ਤਾਂ ਜੇਈ ‘ਤੇ ਪਿੱਛੇ ਤੋਂ ਹਮਲਾ ਕੀਤਾ ਗਿਆ। ਕੌਂਸਲਰ ਨੇ ਕਿਹਾ ਕਿ ਉਹ ਨਗਰ ਨਿਗਮ ਦੇ ਕਰਮਚਾਰੀਆਂ ਦੇ ਨਾਲ ਖੜ੍ਹੇ ਹਨ ਅਤੇ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਜਲੰਧਰ ਵਿੱਚ ਸੀਵਰੇਜ ਦਾ ਕੰਮ ਬੰਦ ਕਰਨ ਦਾ ਫੈਸਲਾ
ਨਗਰ ਨਿਗਮ ਦੇ ਕਰਮਚਾਰੀ ‘ਤੇ ਹੱਥ ਚੁੱਕਣ ਬਾਰੇ ਕਰਮਚਾਰੀਆਂ ਨੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ। ਵਰਕਰ ਨੇ ਕਿਹਾ ਕਿ ਇਸ ਘਟਨਾ ਕਾਰਨ ਜਲੰਧਰ ਵਿੱਚ ਸੀਵਰੇਜ ਦਾ ਕੰਮ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਮਾਮਲੇ ‘ਤੇ ਜਲੰਧਰ ਯੂਨੀਅਨ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।