ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਦੀ ਅੱਜ ਮੋਹਾਲੀ ਜ਼ਿਲ੍ਹਾ ਅਦਾਲਤ ਵਿਚ ਸੁਣਵਾਈ ਹੋਈ।, ਜਿਸ ਵਿਚ ਦੋਸ਼ੀ ਕਰਾਰ ਦਿੱਤੇ ਤਿੰਨ ਹਮਲਾਵਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
2021 ਵਿਚ ਹੋਇਆ ਸੀ ਕਤਲ
ਦੱਸ ਦੇਈਏ ਕਿ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ (33) ਦਾ 2021 ਨੂੰ ਚਾਰ ਸਾਲ ਪਹਿਲਾਂ ਕਤਲ ਹੋਇਆ ਸੀ, ਇਸ ਮਾਮਲੇ ਵਿੱਚ ਤਿੰਨ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਵਿੱਚ ਅਜੈ ਉਰਫ ਸੰਨੀ ਉਰਫ ਲੈਫਟੀ, ਸੱਜਣ ਉਰਫ ਭੋਲੂ ਅਤੇ ਅਨਿਲ ਲਾਠ ਸ਼ਾਮਲ ਹਨ।ਤਿੰਨੋਂ ਹੀ ਇੱਕ ਗੈਂਗਸਟਰ ਦੇ ਸਾਥੀ ਅਤੇ ਸ਼ਾਰਪ ਸ਼ੂਟਰ ਹਨ।
ਵਿੱਕੀ ਉਤੇ ਦਿਨ-ਦਿਹਾੜੇ ਹੋਈ ਸੀ ਫਾਇਰਿੰਗ
ਵਿੱਕੀ ਦਾ ਕਤਲ 4 ਸਾਲ ਪਹਿਲਾਂ 7 ਅਗਸਤ 2021 ਨੂੰ ਉਦੋਂ ਹੋ ਗਿਆ ਸੀ, ਜਦੋਂ ਉਹ ਸੈਕਟਰ-70 ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ। ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਇਆ ਅਤੇ ਆਪਣੀ ਕਾਰ ਵੱਲ ਵਧਿਆ, ਦੋ ਨਕਾਬਪੋਸ਼ ਹਥਿਆਰਬੰਦ ਉੱਥੇ ਆ ਪਹੁੰਚੇ, ਜਿਨ੍ਹਾਂ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿੱਕੀ ਕਾਰ ਤੋਂ ਬਾਹਰ ਨਿਕਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਲਗਭਗ ਇੱਕ ਕਿਲੋਮੀਟਰ ਦੌੜਿਆ ਪਰ ਹਮਲਾਵਰਾਂ ਉਸ ਦਾ ਪਿੱਛਾ ਕਰ ਕੇ ਕੁੱਲ 20 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 9 ਗੋਲੀਆਂ ਵਿੱਕੀ ਨੂੰ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਬੰਬੀਹਾ ਗੈਂਗ ਨੇ ਲਈ ਸੀ ਜ਼ਿੰਮੇਵਾਰੀ
ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ। ਸ਼ੁਰੂਆਤੀ ਜਾਂਚ ਵਿੱਚ ਬੰਬੀਹਾ ਗੈਂਗ ਚਲਾਉਣ ਵਾਲੇ ਲੱਕੀ ਪਟਿਆਲ ਦਾ ਨਾਂ ਸਾਹਮਣੇ ਆਇਆ ਸੀ।