ਖਨੌਰੀ ਬਾਰਡਰ ਵਿਖੇ 59 ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਹੁਣ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਘਰਸ਼ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। 26 ਜਨਵਰੀ ਨੂੰ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਵੀ ਪੰਜਾਬ ਸਮੇਤ ਸਾਰੇ ਰਾਜਾਂ ਵਿੱਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਜਾਣਕਾਰੀ ਅਨੁਸਾਰ ਮੋਰਚੇ ‘ਤੇ ਡੱਲੇਵਾਲ ਲਈ ਇੱਕ ਖਾਸ ਕਮਰਾ ਤਿਆਰ ਕੀਤਾ ਜਾ ਰਿਹਾ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਵੀ ਉਨ੍ਹਾਂ ਨੂੰ ਕਮਰੇ ਵਿੱਚ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਜਦੋਂ ਤੱਕ ਕਮਰਾ ਨਹੀਂ ਬਣ ਜਾਂਦਾ, ਉਨ੍ਹਾਂ ਨੂੰ ਸਾਹਮਣੇ ਵਾਲੇ ਪਾਸੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਟਰਾਲੀ ਵਿੱਚ ਰੱਖਿਆ ਜਾਵੇਗਾ। ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਵੀ ਉੱਥੇ ਸ਼ਿਫਟਾਂ ਵਿੱਚ ਤਾਇਨਾਤ ਕੀਤੀ ਗਈ ਹੈ, ਜੋ ਉਨ੍ਹਾਂ ਦੀ ਹਾਲਤ ਦੀ ਨਿਗਰਾਨੀ ਕਰ ਰਹੇ ਹਨ।
ਕਮਰੇ ‘ਚ ਇਹ ਸਹੂਲਤਾਂ ਹੋਣਗੀਆਂ ਉਪਲਬਧ
ਖਨੌਰੀ ਵਿੱਚ ਤਿਆਰ ਕੀਤਾ ਜਾ ਰਿਹਾ ਕਮਰਾ। ਇਸਦੀ ਖਾਸੀਅਤ ਇਹ ਹੈ ਕਿ ਇਹ ਕੱਚ ਦਾ ਬਣਿਆ ਹੋਇਆ ਹੈ। ਇਹ ਪੂਰੀ ਤਰ੍ਹਾਂ ਸਾਊਂਡ ਪਰੂਫ਼ ਹੋਵੇਗਾ। ਸੂਰਜ ਦੀ ਰੌਸ਼ਨੀ ਇਸ ਵਿੱਚ ਆਸਾਨੀ ਨਾਲ ਪ੍ਰਵੇਸ਼ ਕਰ ਸਕੇਗੀ। ਨਾਲ ਹੀ, ਉਸ ਕਮਰੇ ਦੇ ਨੇੜੇ ਇੱਕ ਬਾਥਰੂਮ ਅਤੇ ਹੋਰ ਸਹੂਲਤਾਂ ਹੋਣਗੀਆਂ। ਪਾਣੀ ਗਰਮ ਕਰਨ ਦੀ ਸਹੂਲਤ ਵੀ ਹੋਵੇਗੀ।
ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪੁੱਜੇ
ਦੱਸ ਦੇਈਏ ਕਿ 14 ਫਰਵਰੀ ਨੂੰ ਕੇਂਦਰ ਨਾਲ ਮੀਟਿੰਗ ਦੇ ਸੱਦੇ ਤੋਂ ਬਾਅਦ ਡੱਲੇਵਾਲ ਟ੍ਰੀਟਮੈਂਟ ਲਈ ਮੰਨ ਗਏ ਸਨ ਤੇ ਇਕ ਜਾਂ 2 ਦਿਨ ਉਨ੍ਹਾਂ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਗਈ ਪਰ ਬੀਤੀ ਰਾਤ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਤੋਂ ਮਨ੍ਹਾ ਕਰ ਦਿੱਤਾ।
ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਸ ਸੰਬੰਧੀ ਡੀ.ਐਸ.ਪੀ. ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਗੁਲੂਕੋਜ਼ ਲਾਉਣ ਵਾਲਾ ਡਾਕਟਰ ਦੱਖਣੀ ਭਾਰਤ ਦਾ ਹੋਣ ਕਰਕੇ ਉਸ ਦੀ ਭਾਸ਼ਾ ਸਮਝ ਨਹੀਂ ਆਈ, ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਨੂੰ ਮਨ੍ਹਾ ਕੀਤਾ ਸੀ। ਇਸ ਸੰਬੰਧੀ ਮੋਰਚੇ ਦੇ ਪ੍ਰਮੁੱਖ ਆਗੂ ਕਾਕਾ ਸਿੰਘ ਕੋਟੜਾ ਨੇ ਸਿਹਤ ਮੰਤਰੀ ਡਾ. ਬਲਵੀਰ ਸਿਘ ਨਾਲ ਵੀ ਫੋਨ ‘ਤੇ ਗੱਲ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰੀ ਡਾਕਟਰ ਡੱਲੇਵਾਲ ਦਾ ਇਲਾਜ ਕਰਨ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ। ਅਸੀਂ ਪ੍ਰਾਈਵੇਟ ਡਾਕਟਰਾਂ ਦਾ ਪ੍ਰਬੰਧ ਕਰ ਲਈਏ। ਇਸ ਮੌਕੇ ਏ.ਡੀ.ਸੀ. ਪਟਿਆਲਾ ਈਸ਼ਾ ਸਿੰਘਲ, ਸਿਵਲ ਸਰਜਨ ਪਟਿਆਲਾ, ਐਸ.ਡੀ.ਐਮ. ਅਸ਼ੋਕ ਕੁਮਾਰ ਡੀ.ਐਸ.ਪੀ. ਇੰਦਰਪਾਲ ਸਿੰਘ ਚੌਹਾਨ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
26 ਨਵੰਬਰ ਤੋਂ ਮਰਨ ਵਰਤ ‘ਤੇ ਹਨ ਡੱਲੇਵਾਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ, 2024 ਤੋਂ ਮਰਨ ਵਰਤ ‘ਤੇ ਹਨ। ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ, ਕੇਂਦਰੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਕਿਹਾ ਹੈ, ਪਰ ਡੱਲੇਵਾਲ ਸਿਰਫ਼ ਡਾਕਟਰੀ ਸਹੂਲਤਾਂ ਲੈਣ ਲਈ ਸਹਿਮਤ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗਲੂਕੋਜ਼ ਚੜਾਇਆ ਗਿਆ। ਅੱਜ ਡੱਲੇਵਾਲ ਦੇ ਵਰਤ ਦਾ 58ਵਾਂ ਦਿਨ ਹੈ।