ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੇ ਗਏ ਮਰਨ ਵਰਤ ਦਾ ਅੱਜ 51ਵਾਂ ਦਿਨ ਹੈ। ਡੱਲੇਵਾਲ ਨੂੰ ਪਾਣੀ ਪੀਣ ਵਿੱਚ ਮੁਸ਼ਕਲ ਆ ਰਹੀ ਹੈ। ਉਹ ਜਿੰਨਾਂ ਵੀ ਪਾਣੀ ਪੀਂਦੇ ਉਹ ਉਲਟੀ ਰਾਹੀਂ ਬਾਹਰ ਆ ਜਾਂਦਾ । ਮੰਗਲਵਾਰ ਨੂੰ ਪਟਿਆਲਾ ਤੋਂ ਸਰਕਾਰੀ ਡਾਕਟਰਾਂ ਦੀ ਇੱਕ ਟੀਮ ਨੇ ਡੱਲੇਵਾਲ ਦੀ ਜਾਂਚ ਕੀਤੀ।
ਇਸ ਮਾਮਲੇ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਵਿੱਚ ਹੋਵੇਗੀ। ਖਨੌਰੀ ਸਰਹੱਦ ‘ਤੇ ਅੱਜ 111 ਕਿਸਾਨ ਕਾਲੇ ਕੱਪੜੇ ਪਾ ਕੇ ਦੁਪਹਿਰ 2 ਵਜੇ ਭੁੱਖ ਹੜਤਾਲ ਸ਼ੁਰੂ ਕਰਨਗੇ। ਪੰਜਾਬ ਭਾਜਪਾ ਅੱਜ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਕਰੇਗੀ ਜਿਸ ਵਿੱਚ ਫਸਲਾਂ ਅਤੇ ਹੋਰ ਕਿਸਾਨਾਂ ਦੇ ਮੁੱਦਿਆਂ ‘ਤੇ ਐਮਐਸਪੀ ਗਾਰੰਟੀ ਕਾਨੂੰਨ ‘ਤੇ ਰਣਨੀਤੀ ਤਿਆਰ ਕੀਤੀ ਜਾਵੇਗੀ।
ਕਿਸਾਨਾਂ ਨੂੰ SKM ਦਾ ਮਿਲਿਆ ਸਮਰਥਨ
ਦੱਸ ਦੇਈਏ ਕਿ ਪਟਿਆਲਾ ਵਿੱਚ ਐਸਕੇਐਮ ਆਗੂਆਂ ਦੀ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕਰੀਬ ਸੋਮਵਾਰ ਕਰੀਬ 4 ਘੰਟੇ ਮੀਟਿੰਗ ਚੱਲੀ । ਕਿਸਾਨਾਂ ਨੂੰ ਹੁਣ ਸੰਯੁਕਤ ਕਿਸਾਨ ਮੋਰਚਾ (SKM) ਦਾ ਸਮਰਥਨ ਮਿਲ ਗਿਆ ਹੈ। ਹੁਣ ਕਿਸਾਨ ਅਗਲੀ ਰਣਨੀਤੀ ਬਣਾਉਣ ਲਈ 18 ਜਨਵਰੀ ਨੂੰ ਮੀਟਿੰਗ ਕਰਨਗੇ। ਜਿਸ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ।
ਸਰਕਾਰ ‘ਤੇ ਬਣਾਉਣਗੇ ਦਬਾਅ
ਕਿਸਾਨ ਆਗੂ ਸਰਵਨ ਪੰਧੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 18 ਜਨਵਰੀ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਨਾਲ ਹੀ ਮੀਟਿੰਗ ਵਿੱਚ ਇਸ ਗੱਲ ‘ਤੇ ਵੀ ਚਰਚਾ ਕੀਤੀ ਗਈ ਕਿ ਇਸ ਅੰਦੋਲਨ ਨੂੰ ਕਿਵੇਂ ਅੱਗੇ ਲਿਜਾਇਆ ਜਾਵੇ ਅਤੇ ਸਰਕਾਰ ‘ਤੇ ਕਿਵੇਂ ਦਬਾਅ ਬਣਾਇਆ ਜਾਵੇ। ਅੱਜ ਅਸੀਂ ਤਿੰਨ ਫੋਰਮੋਂ ਦੇ ਆਗੂ ਇੱਕ ਮੰਚ ‘ਤੇ ਹਾਂ। ਇਹ ਬਹੁਤ ਸਕਾਰਾਤਮਕ ਗੱਲ ਹੈ।