ਲੁਧਿਆਣੇ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਪਤੰਗ ਉਡਾਉਂਦੇ ਸਮੇਂ ਇਕ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਮਾਮਲਾ ਜਗਰਾਓਂ ਦੇ ਪਿੰਡ ਮਲਕ ਤੋਂ ਸਾਹਮਣੇ ਆਇਆ।
ਕਰੰਟ ਲੱਗਣ ਨਾਲ ਹੋਈ ਮੌਤ
ਬੱਚੇ ਦਾ ਨਾਂ ਏਕਮਜੋਤ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ ਮਹਿਜ਼ 13 ਸਾਲ ਸੀ। ਜਦੋਂ ਉਹ ਪਤੰਗ ਉਡਾ ਰਿਹਾ ਸੀ ਤਾਂ ਪਤੰਗ ਘਰ ਦੇ ਨੇੜਲੇ ਬਿਜਲੀ ਦੇ ਟਰਾਂਸਫ਼ਾਰਮਰ ਵਿੱਚ ਫਸ ਗਿਆ, ਜਿਸ ਤੋਂ ਬਾਅਦ ਏਕਮਜੋਤ ਪਤੰਗ ਛਡਾਉਣ ਲਈ ਲੋਹੇ ਦੀ ਰਾਡ ਲੈ ਆਇਆ ਤੇ ਉਸ ਨਾਲ ਪਤੰਗ ਲਾਹੁਣ ਦੀ ਕੋਸ਼ਿਸ਼ ਕਰਨ ਲੱਗਾ, ਇਸ ਨਾਲ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਣ ਬੱਚੇ ਦੀ ਮੌਤ ਹੋ ਗਈ।
ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਏਕਮਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਵਿਆਹ ਤੋਂ ਕਈ ਸਾਲਾਂ ਬਾਅਦ ਉਸ ਦਾ ਜਨਮ ਹੋਇਆ ਸੀ। ਇਸ ਵੇਲੇ ਬੱਚੇ ਦੀ ਮੌਤ ਕਰ ਕੇ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਸ ਲਈ ਆਸ-ਪਾਸ ਦੇ ਲੋਕਾਂ ਦੇ ਵੱਲੋਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਬੱਚਿਆ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਪਤੰਗ ਉਡਾਉਣਾ ਹੈ ਤਾਂ ਸਾਵਧਾਨ ਹੋ ਕੇ ਉਡਾਓ ਕਿਉਂਕਿ ਅਜਿਹੇ ਹਾਦਸੇ ਕਦੇ ਅਤੇ ਕਿਸੇ ਵੇਲ਼ੇ ਵੀ ਵਾਪਰ ਸਕਦੇ ਹਨ।
ਚਾਈਨਾ ਡੋਰ ਦੀ ਵਰਤੋਂ ਵੀ ਨਾ ਕਰੋ
ਅਕਸਰ ਦੇਖਦੇ ਹਾਂ ਕਿ ਲੋਹੜੀ ਤੇ ਬਸੰਤ ਪੰਚਮੀ ਦੇ ਨੇੜੇ ਲੋਕ ਪਤੰਗਾਂ ਉਡਾਉਂਦੇ ਹਨ। ਜ਼ਿਆਦਾਤਰ ਲੋਕ ਚਾਈਨਾ ਡੋਰ ਦੀ, ਜਿਸ ਨੂੰ ਖੂਨੀ ਡੋਰ, ਡਰੈਗਨ ਡੋਰ ਵੀ ਆਖਿਆ ਜਾਂਦਾ ਹੈ, ਨਾਲ ਪਤੰਗਬਾਜ਼ੀ ਕਰਦੇ ਹਨ, ਜੋ ਕਿ ਬਹੁਤ ਹੀ ਖਤਰਨਾਕ ਹੈ। ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਦੋਪਹੀਆ ਵਾਹਨ ਚਾਲਕਾਂ ਨੂੰ ਆਪਣੇ ਗਲ ਵਿਚ ਕੋਈ ਮਫਲਰ ਜਾਂ ਕੋਈ ਮੋਟਾ ਕੱਪੜਾ ਲਪੇਟ ਕੇ ਬਾਈਕ ਜਾਂ ਸਕੂਟਰ ਚਲਾਉਣਾ ਚਾਹੀਦਾ ਹੈ ਤਾਂ ਜੋ ਖੂਨੀ ਡੋਰ ਅੱਗੇ ਆਉਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਹੈਲਮੇਟ ਵੀ ਜ਼ਰੂਰੀ ਪਹਿਨੋ।