ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ 8 ਦੇ ਕਰੀਬ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਪੰਜਾਬੀ ਫਿਲਮ ਜਗਤ ਸਮੇਤ ਰਾਜਨੀਤਿਕ ਨੇਤਾਵਾਂ ਤੇ ਮੰਤਰੀ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮੱਦਦ ਕਰ ਰਹੇ ਹਨ। ਉੱਥੇ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਕੈਨੇਡਾ ਵਿੱਚ ਆਪਣੇ ਅਲਬਰਟਾ ਸ਼ੋਅ ਦੀ ਸਾਰੀ ਕਮਾਈ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਾਨ ਕਰਨ ਦਾ ਐਲਾਨ ਕੀਤਾ ਹੈ।
ਗਾਇਕ ਨੇ ਅਲਬਰਟਾ ਵਿੱਚ ਆਪਣੇ ਸੰਗੀਤ ਸਮਾਰੋਹ ਦੌਰਾਨ ਐਲਾਨ ਕੀਤਾ ਸੀ ਕਿ ਉਹ ਆਪਣੇ ਪਹਿਲੇ ਸ਼ੋਅ ਤੋਂ ਹੋਣ ਵਾਲੀ ਕਮਾਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਹੜ੍ਹਾਂ ਦੀ ਵੀਡੀਓ ਵੀ ਚਲਾਈ। ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਮੇਰਾ ਸੂਬਾ ਇਸ ਸਮੇਂ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਮੈਂ ਆਪਣੇ ਸ਼ੋਅ ਦੀ ਸਾਰੀ ਕਮਾਈ ਦਾਨ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਾਂਗਾ।
ਪੰਜਾਬ ‘ਚ ਹਾਲਤ ਹੋਰ ਵੀ ਵਿਗੜਦੇ ਜਾ ਰਹੇ ਹਨ। 9 ਜ਼ਿਲ੍ਹੇ ਹੜ੍ਹਾਂ ਦੀ ਲਪੇਟ ‘ਚ ਹਨ। ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਗੁਰਦਾਸਪੁਰ ਦੇ ਘੋਨੇਵਾਲੇ ਵਿੱਚ ਧੁੱਸੀ ਬੰਨ੍ਹ ਟੁੱਟ ਗਿਆ। ਇਸ ਕਾਰਨ ਪਾਣੀ ਲਗਭਗ 15 ਕਿਲੋਮੀਟਰ ਦੂਰ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ। ਇਸ ਹੜ੍ਹ ਕਾਰਨ 80 ਪਿੰਡ ਪਾਣੀ ਵਿੱਚ ਡੁੱਬ ਗਏ ਹਨ।
ਹੁਣ ਤੱਕ ਕੁੱਲ 1018 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਲੋਕਾਂ ਦੇ ਘਰ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਘਰਾਂ ਤੋਂ ਲੈ ਕੇ ਫਸਲਾਂ ਤੱਕ ਹਰ ਚੀਜ਼ ਨੂੰ ਭਾਰੀ ਨੁਕਸਾਨ ਹੋਇਆ ਹੈ। ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਹੜ੍ਹਾਂ ਦੀ ਲਪੇਟ ਵਿੱਚ ਹਨ। ਚਾਰ ਜ਼ਿਲ੍ਹਿਆਂ ਵਿੱਚ NDRF ਦੀਆਂ 11 ਟੀਮਾਂ ਅਤੇ ਫੌਜ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਲ ਹਨ।
ਹਿਮਾਚਲ ਵਿੱਚ ਮੀਂਹ ਕਾਰਨ ਬਿਆਸ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ। ਡੀਸੀ ਕਪੂਰਥਲਾ ਨੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।