ਖ਼ਬਰਿਸਤਾਨ ਨੈੱਟਵਰਕ: ਅਕਸਰ ਸਹੁਰਿਆਂ ਵੱਲੋਂ ਤੰਗ ਪਰੇਸ਼ਾਨ ਕਰਨ ‘ਤੇ ਲੜਕੀ ਦੇ ਖੁਦਕੁਸ਼ੀ ਕਰਨ ਦੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ। ਪਰ ਲੁਧਿਆਣਾ ‘ਚ ਲੜਕੇ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਉਸਦਾ ਆਪਣੀ ਪਤਨੀ ਰੁਪਿੰਦਰ ਕੌਰ ਨਾਲ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਸੀ। ਇਸ ਸਮੇਂ ਦੌਰਾਨ ਉਸਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਸੀ।
ਮ੍ਰਿਤਕ ਨੌਜਵਾਨ ਦੀ ਪਛਾਣ ਚੇਤ ਸਿੰਘ ਨਗਰ ਰਹਿਣ ਵਾਲੇ 36 ਸਾਲਾ ਮਨਦੀਪ ਸਿੰਘ ਚੇਤ ਸਿੰਘ ਨਗਰ ਵਜੋਂ ਹੋਈ ਹੈ। ਉਸਦਾ ਕੱਪੜੇ ਦਾ ਕਾਰੋਬਾਰ ਸੀ। ਮਨਦੀਪ ਦੀ ਭੈਣ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਕਈ ਵਾਰ ਮਿਲਣਾ ਚਾਹੁੰਦਾ। ਪਰ ਉਸਦੇ ਸਹੁਰਾ ਪਰਿਵਾਰ ਮਿਲਣ ਨਹੀਂ ਦਿੰਦੇ ਸਨ। ਉਸਨੂੰ ਕੁੱਟਿਆ-ਮਾਰਿਆ ਗਿਆ ਅਤੇ ਘਰੋਂ ਬਾਹਰ ਕੱਢ ਦਿੱਤਾ ਗਿਆ। ਉਹ ਅਕਸਰ ਮਨਦੀਪ ਨੂੰ ਧਮਕੀਆਂ ਦਿੰਦੇ ਸਨ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮਨਦੀਪ ਦੇ ਸਾਲੇ ਰਣਜੀਤ ਸਿੰਘ ਉਰਫ਼ ਪ੍ਰਿੰਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।