ਖ਼ਬਰਿਸਤਾਨ ਨੈੱਟਵਰਕ- ਪੰਜਾਬ ਦੇ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸੱਤ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਭਾਵੇ ਕੋਈ ਮੀਂਹ ਦਾ ਅਲਰਟ ਨਹੀਂ ਹੈ ਪਰ ਹਿਮਾਚਲ ਤੋਂ ਆ ਰਹੇ ਪਾਣੀ ਕਰਕੇ ਡੈਮ ਭਰੇ ਹੋਏ ਹਨ।
ਪੌਂਗ ਡੈਮ ਦਾ ਪਾਣੀ ਦਾ ਪੱਧਰ ਵਧਿਆ
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਇਸ ਕਾਰਨ ਉੱਥੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਸਵੇਰੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1383 ਫੁੱਟ ਤੱਕ ਪਹੁੰਚ ਗਿਆ ਸੀ ਜਦੋਂਕਿ ਖ਼ਤਰੇ ਦਾ ਪੱਧਰ 1380 ਫੁੱਟ ਹੈ। ਪੌਂਗ ਡੈਮ ਦੀ ਪੂਰੀ ਸਮਰੱਥਾ 1410 ਫੁੱਟ ਹੈ।
ਇਕ ਰਿਪੋਰਟ ਮੁਤਾਬਕ ਲਗਭਗ 1.30 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਇਸ ਕਾਰਨ ਅੱਜ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਣ ਦੀ ਉਮੀਦ ਹੈ। ਇਸ ਦਾ ਪ੍ਰਭਾਵ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ ਤੇ ਤਰਨ ਤਾਰਨ ਵਰਗੇ ਜ਼ਿਲ੍ਹਿਆਂ ਵਿੱਚ ਵਧੇਰੇ ਦੇਖਿਆ ਜਾਵੇਗਾ। ਇਸ ਸਮੇਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੇ ਤਰਨ ਤਾਰਨ ਜ਼ਿਲ੍ਹੇ ਪਹਿਲਾਂ ਹੀ ਹੜ੍ਹਾਂ ਤੋਂ ਪ੍ਰਭਾਵਤ ਹਨ। ਤਰਨ ਤਾਰਨ ਦੇ ਹਰੀਕੇ ਹੈੱਡਾਂ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਇਸ ਦਾ ਪ੍ਰਭਾਵ ਫਾਜ਼ਿਲਕਾ ਜ਼ਿਲ੍ਹੇ ਤੱਕ ਪਹੁੰਚ ਗਿਆ ਹੈ। ਜੇਕਰ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਅੰਮ੍ਰਿਤਸਰ ਦੇ ਕਈ ਪਿੰਡ ਵੀ ਡੁੱਬ ਸਕਦੇ ਹਨ।
ਭਾਖੜਾ ਖਤਰੇ ਦੇ ਨਿਸ਼ਾਨ ਤੋਂ ਹੇਠਾਂ
ਭਾਖੜਾ ਡੈਮ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ ਪਰ ਫਿਲਹਾਲ ਭਾਖੜਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 15 ਫੁੱਟ ਹੇਠਾਂ ਹੈ। ਸਵੇਰੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1665 ਫੁੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1715 ਫੁੱਟ ਦਰਜ ਕੀਤਾ ਗਿਆ ਜੋ 1730 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਲਗਪਗ 15 ਫੁੱਟ ਹੇਠਾਂ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਵਿੱਚ ਮੀਂਹ ਪੈਂਦਾ ਰਿਹਾ ਤਾਂ ਪੰਜਾਬ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਤੇ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਸਕਦੇ ਹਨ।