ਖ਼ਬਰਿਸਤਾਨ ਨੈੱਟਵਰਕ- ਪੰਜਾਬ ਸਰਕਾਰ ਨੇ ਡਰੱਗ ਮਾਮਲੇ ਨੂੰ ਲੈ ਕੇ ਵੱਡਾ ਐਕਸ਼ਨ ਲੈਂਦੇ ਹੋਏ ਬਿਕਰਮ ਮਜੀਠੀਆ ਦੇ ਜਿਗਰੀ ਸਾਥੀ ਸਤਪ੍ਰੀਤ ਸੱਤਾ ਖ਼ਿਲਾਫ਼ ਬਲਿਊ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਇੰਟਰਪੋਲ ਨੇ ਜਾਰੀ ਕੀਤਾ। ਇਸ ਨਾਲ ਇਹ ਜ਼ਾਹਰ ਹੈ ਕਿ ਮਜੀਠੀਆ ਕੇਸ ’ਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
ਮਜੀਠੀਆ ਦਾ ਜਿਗਰੀ ਯਾਰ ਹੈ ਸੱਤਾ
ਰਿਪੋਰਟਾਂ ਮੁਤਾਬਕ ਮੰਤਰੀ ਰਹਿੰਦੇ ਬਿਕਰਮ ਮਜੀਠੀਆ ਦੀ ਗੱਡੀ ਵਿੱਚ ਸੱਤਾ ਘੁੰਮਦਾ ਹੁੰਦਾ ਸੀ ਤੇ ਉਸ ਦਾ ਕਰੀਬੀ ਰਹਿ ਚੁੱਕਾ ਹੈ। ਸਤਪ੍ਰੀਤ ਸਿੰਘ ਉਰਫ ਸੱਤਾ ਵਾਸੀ ਪਿੰਡ ਬੰਗਾ ਨੂੰ 2021 ਵਿੱਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐੱਨਡੀਪੀਐੱਸ ਐਕਟ ਦੇ ਕੇਸ ਵਿੱਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਵਿੱਚ ਪਾਇਆ ਗਿਆ ਕਿ ਜਦੋਂ ਕੌਮਾਂਤਰੀ ਨਾਮੀ ਭੋਲਾ ਡਰੱਗ ਰੈਕੇਟ ਪੰਜਾਬ ਵਿੱਚ ਸਰਗਰਮ ਸੀ, ਉਸ ਸਮੇਂ ਸੱਤਾ 2007 ਤੋਂ 2013 ਦਰਮਿਆਨ ਨਿਯਮਿਤ ਤੌਰ ’ਤੇ ਭਾਰਤ ਆਉਂਦਾ ਰਿਹਾ ਹੈ। ਇਹ ਮੁਲਜ਼ਮ 6000 ਕਰੋੜ ਰੁਪਏ ਦੇ ਕੌਮਾਂਤਰੀ ਡਰੱਗ ਰੈਕੇਟ ਨਾਲ ਕਥਿਤ ਤੌਰ ’ਤੇ ਜੁੜਿਆ ਹੋਇਆ ਸੀ ਅਤੇ ਉਸ ਸਮੇਂ ਦੇ ਵੱਖ-ਵੱਖ ਸਿਆਸੀ ਵਿਅਕਤੀਆਂ ਨਾਲ ਉਸ ਦੇ ਸਬੰਧ ਸਨ। ਇਸੇ ਕਾਰਨ ਉਸ ਖ਼ਿਲਾਫ਼ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।
ਮਜੀਠੀਆ ਦੀ ਬੀਤੇ ਦਿਨੀਂ ਜ਼ਮਾਨਤ ਹੋ ਚੁੱਕੀ ਰੱਦ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਹੁਣ ਮਜੀਠੀਆ ਰਾਹਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਨ।