ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅਜਨਾਲਾ, ਅੰਮ੍ਰਿਤਸਰ ਵਿਖੇ ਪੁੱਜੇ, ਜਿਥੇ ਉਨ੍ਹਾਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ।ਇਸ ਮੌਕੇ ਉਨ੍ਹਾਂ ਨਾਲ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਸਮੇਤ ਹੋਰ ਕਈ ਆਗੂ ਹਾਜ਼ਰ ਸਨ।
ਮੁਆਵਜ਼ਾ ਰਾਸ਼ੀ ਦੇ ਵੰਡੇ ਚੈੱਕ
ਇਸ ਦੌਰਾਨ ਸੀ ਐਮ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਕਿਸੇ ਖੁਸ਼ੀ ਦੇ ਮੌਕੇ ਇੱਥੇ ਆਉਂਦਾ ਪਰ ਪਰਮਾਤਮਾ ਦਾ ਭਾਣਾ ਹੈ ਕਿ ਕੁੱਝ ਕਰ ਨਹੀਂ ਸਕਦੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਇੱਕ ਮਹੀਨੇ ਵਿਚਕਾਰ 631 ਕਿਸਾਨਾਂ ਨੂੰ ਘਰ ਤੇ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਆਏ ਹਾਂ। ਅਸੀਂ 20 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਜਾ ਰਹੇ ਹਾਂ। ਇਹ ਇਤਿਹਾਸ ‘ਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਪ੍ਰਤੀ ਏਕੜ 20 ਹਜ਼ਾਰ ਮੁਆਵਜ਼ਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਕਿਸਾਨਾਂ ਨੂੰ ਪੈਸੇ ਖਾਤੇ ‘ਚ ਆਉਣ ਦੇ ਮੈਸੇਜ ਵੀ ਆ ਗਏ ਹਨ ਤੇ ਮੈਂ ਮੁਆਵਜ਼ੇ ਦੀ ਰਾਸ਼ੀ ਮਿਲਣ ਤੋਂ ਬਾਅਦ ਆਇਆ ਹਾਂ। ਇਹ ਨਹੀਂ ਹੋ ਰਿਹਾ ਕਿ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਕਿ ਬਾਅਦ ‘ਚ ਲੋਕ ਦੇਖਦੇ ਰਹਿਣ।
ਸਿੱਧਾ ਬੈਂਕ ਖਾਤਿਆਂ ਵਿਚ ਪਾਏ ਜਾ ਰਹੇ ਪੈਸੇ
ਅਜਨਾਲਾ ਵਿਖੇ ‘ਮਿਸ਼ਨ ਚੜ੍ਹਦੀਕਲਾ’ ਤਹਿਤ ਰੱਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਵੰਡ ਸਮਾਗਮ ‘ਚ ਸ਼ਿਰਕਤ ਕਰਦੇ ਹੋਏ ਮਾਨ ਨੇ ਕਿਹਾ ਕਿ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡੀ ਜਾ ਰਹੀ ਹੈ। ਮੁਆਵਜ਼ੇ ਦੀ ਰਾਸ਼ੀ ਪੀੜਤਾਂ ਦੇ ਸਿੱਧਾ ਬੈਂਕ ਖਾਤਿਆਂ ‘ਚ ਪਾਈ ਜਾ ਰਹੀ ਹੈ।
ਪੰਜਾਬ ਪਹਿਲਾ ਸੂਬਾ ਹੈ ਜਿੱਥੇ ਕੁਦਰਤੀ ਆਫ਼ਤ ਨਾਲ ਸੰਬੰਧਿਤ ਸਪੈਸ਼ਲ ਗਿਰਦਾਵਰੀ ਨੂੰ ਘੱਟ ਸਮੇਂ ‘ਚ ਮੁਕੰਮਲ ਕਰਕੇ ਮੁਆਵਜ਼ਾ ਰਾਸ਼ੀ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਅਸੀਂ ਕੁਦਰਤੀ ਆਫ਼ਤ ਦੇ ਦੁੱਖ ਨੂੰ ਆਪਣੇ ਪਿੰਡੇ ‘ਤੇ ਹੰਢਾਉਣ ਵਾਲਿਆਂ ਦੇ ਜਖ਼ਮਾਂ ‘ਤੇ ਮੱਲ੍ਹਮ ਲਗਾਉਣ ਦਾ ਕੰਮ ਕਰ ਰਹੇ ਹਾਂ। ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬ ਨੂੰ ਮੁੜ ਪੈਰਾਂ ‘ਤੇ ਮਜ਼ਬੂਤੀ ਨਾਲ ਖੜ੍ਹਾ ਕਰਨ ਅਤੇ ਸੂਬੇ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸਾਡੀ ਸਰਕਾਰ ਵਚਨਬੱਧ ਹੈ।