ਖਬਰਿਸਤਾਨ ਨੈੱਟਵਰਕ- ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੀ ਜਾਂਚ ਤੇ ਇਨਸਾਫ ਲਈ ਜਲੰਧਰ ਵਿਚ ਅੱਜ ਸ਼ਾਮ ਨੂੰ ਕੈਂਡਲ ਮਾਰਚ ਕੱਢਿਆ ਜਾਵੇਗਾ, ਜੋ ਕਿ ਨਿੱਕੂ ਪਾਰਕ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਮਿਸ਼ਨ ਚੌਕ ਤੱਕ ਹੋਵੇਗਾ। ਬੀਤੇ ਦਿਨੀਂ ਪੰਜਾਬ ਦੇ ਮਸ਼ਹੂਰ ਤੇ ਭਾਰਤ ਦੇ ਇਕਲੌਤੇ ਵੈਜੀਟੇਰੀਅਨ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਹੋਈ ਮੌਤ ਨੂੰ ਲੈ ਕੇ ਪਰਿਵਾਰ ਤੇ ਉਸ ਨੂੰ ਚਾਹੁਣ ਵਾਲੇ ਇਨਸਾਫ ਲਈ ਕੈਂਡਲ ਮਾਰਚ ਕੱਢਣਗੇ।
9 ਅਕਤੂਬਰ ਨੂੰ ਸਰਜਰੀ ਦੌਰਾਨ ਹੋਈ ਸੀ ਮੌ/ਤ
ਦੱਸ ਦੇਈਏ ਕਿ ਵਰਿੰਦਰ ਘੁੰਮਣ ਦਾ ਵੀਰਵਾਰ, 9 ਅਕਤੂਬਰ ਨੂੰ ਦੇਹਾਂਤ ਹੋ ਗਿਆ ਸੀ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਦੋ ਦਿਲ ਦੇ ਦੌਰੇ ਪਏ। ਇਸ ਦੌਰਾਨ ਡਾਕਟਰਾਂ ਦੀ ਦੋਸਤਾਂ ਨਾਲ ਬਹਿਸ ਵੀ ਹੋਈ ਸੀ। ਦੋਸਤ ਨੇ ਕਿਹਾ ਸੀ ਕਿ ਘੁੰਮਣ ਦਾ ਸਰੀਰ ਅਚਾਨਕ ਨੀਲਾ ਕਿਵੇਂ ਪੈ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।ਪਰਿਵਾਰ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ। ਜਸਟਿਸ ਫਾਰ ਵਰਿੰਦਰ ਘੁੰਮਣ ਨੂੰ ਲੈ ਕੇ ਹੀ ਇਹ ਕੈਂਡਲ ਮਾਰਚ ਕੱਢਿਆ ਜਾਵੇਗਾ।
ਪੰਜਾਬ ਤੇ ਭਾਰਤ ਦਾ ਇਕਲੌਤਾ ਸ਼ਾਕਾਹਾਰੀ ਬਾਡੀ ਬਿਲਡਰ
ਘੁੰਮਣ ਪੰਜਾਬ ਦੀ ਇਕ ਵੱਖਰੀ ਪਰਸਨੈਲਿਟੀ ਸਨ, ਜੋ ਕਿ ਵੱਡੇ ਵੱਡੇ ਕੰਪੀਟਿਸ਼ਨ ਜਿੱਤ ਚੁੱਕੇ ਸਨ। ਬਾਲੀਵੁੱਡ ਦੀਆਂ ਫਿਲਮਾਂ ਵਿਚ ਵੀ ਉਨਾਂ ਦੀ ਐਂਟਰੀ ਹੋ ਚੁੱਕੀ ਸੀ। ਉਹ ਪੰਜਾਬ ਤੇ ਭਾਰਤ ਦੇ ਇਕਲੌਤੇ ਸ਼ਾਕਾਹਾਰੀ ਬਾਡੀ ਬਿਲਡਰ ਸਨ।
ਜੋ ਕਿ ਆਪਣੀ ਵੱਖਰੀ ਦਿੱਖ ਨਾਲ ਕੰਟਰੀ ਨੂੰ ਰਿਪ੍ਰੈਜ਼ੈਂਟ ਕਰਦੇ ਸਨ ਤੇ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਸਨ।
ਜਿਸ ਲਈ ਕਹਿ ਸਕਦੇ ਹਾਂ ਕਿ ਵਰਿੰਦਰ ਘੁੰਮਣ ਜੋ ਸਿਰਫ਼ ਇੱਕ ਬਾਡੀ ਬਿਲਡਰ ਹੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਸਨ। ਉਸ ਨੇ ਮਿਹਨਤ ਅਤੇ ਅਨੁਸ਼ਾਸਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ।
ਪਰਿਵਾਰ ਨੇ ਅਚਾਨਕ ਹੋਈ ਮੌਤ ‘ਤੇ ਚੁੱਕੇ ਸਵਾਲ
ਪਰਿਵਾਰ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ਵਿਚ ਲਿਖਿਆ ਸੀ ਕਿ ਉਹਨਾ ਦੀ ਜ਼ਿੰਦਗੀ ਇਸ ਤਰ੍ਹਾਂ ਮੁਕ ਜਾਣੀ… ਕੁਝ ਸਮਝ ਤੋਂ ਬਾਹਰ ਹੈ। ਇਹ ਸਿਰਫ਼ ਇਕ ਮੌਤ ਨਹੀਂ, ਇਹ ਸਵਾਲਾਂ ਦਾ ਸਮੁੰਦਰ ਹੈ —ਇਹ ਮੌਤ ਹੈ ਜਾਂ ਸਾਜ਼ਿਸ਼ ਇਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਕਿਸੇ ਉੱਤੇ ਇਲਜ਼ਾਮ ਨਹੀਂ ਲੱਗਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਅੱਜ ਹਰੇਕ ਦਿਲ ਵਿੱਚ ਇੱਕ ਆਵਾਜ਼ ਉੱਠ ਰਹੀ ਹੈ —
Justice for Varinder Ghuman.
ਫੋਰਟਿਸ ਹਸਪਤਾਲ ਦਾ ਬਿਆਨ
ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ਜਿਥੇ ਕਿ ਘੁੰਮਣ ਮੋਢੇ ਦਾ ਆਪਰੇਟ ਕਰਵਾਉਣ ਗਏ ਸੀ, ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਉਤੇ ਹਸਪਤਾਲ ਨੇ ਬਿਆਨ ਦਿੱਤਾ ਸੀ ਕਿ ਵਰਿੰਦਰ ਦੀ ਸਰਜਰੀ ਸਹੀ ਤਰੀਕੇ ਨਾਲ ਹੋ ਗਈ ਸੀ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋਈ।