ਖਬਰਿਸਤਾਨ ਨੈੱਟਵਰਕ-ਪੰਜਾਬ ਦੇ ਇਕ ਨੌਜਵਾਨ ਦੀ ਫਰਾਂਸ ਤੋਂ ਇੰਗਲੈਂਡ ਡੌਂਕੀ ਰਾਹੀਂ ਜਾਂਦਿਆਂ ਸਮੇਂ ਕਿਸ਼ਤੀ ਪਲਟਣ ਨਾਲ ਮੌਤ ਹੋ ਗਈ। ਨੌਜਵਾਨ ਜਲੰਧਰ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਦਾ ਰਹਿਣ ਵਾਲਾ ਸੀ। ਅਰਵਿੰਦਰ ਸਿੰਘ (29) ਪੁੱਤਰ ਅਮਰਜੀਤ ਸਿੰਘ ਪਿਛਲੇ ਸੱਤ ਸਾਲਾਂ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਪਰ ਇੰਗਲੈਂਡ ਪਹੁੰਚਣ ਦੀ ਲਾਲਸਾ ਨੇ ਉਸ ਨੂੰ ਨਿਗਲ ਲਿਆ।
ਕਈ ਦਿਨਾਂ ਤੋਂ ਸੀ ਲਾਪਤਾ
ਰਿਪੋਰਟਾਂ ਮੁਤਾਬਕ ਅਰਵਿੰਦਰ 1 ਅਕਤੂਬਰ ਨੂੰ ਲਗਭਗ 80 ਸਾਥੀਆਂ ਨਾਲ ਟਿਊਬ ਦੇ ਆਕਾਰ ਦੀ ਇੱਕ ਕਿਸ਼ਤੀ ਰਾਹੀਂ ਅਣਜਾਣ ਸਮੁੰਦਰੀ ਰਸਤੇ ਤੋਂ ਇੰਗਲੈਂਡ ਜਾ ਰਿਹਾ ਸੀ। ਕਿਸ਼ਤੀ ਸਿਰਫ਼ 15 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪਲਟ ਗਈ। ਬਚਾਅ ਦਲ ਨੇ ਤੁਰੰਤ ਕਾਰਵਾਈ ਕਰਦੇ ਹੋਏ 77 ਲੋਕਾਂ ਨੂੰ ਬਚਾ ਲਿਆ ਪਰ ਅਰਵਿੰਦਰ ਸਿੰਘ ਸਮੇਤ ਦੋ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਨਹੀਂ ਬਚਾਇਆ ਜਾ ਸਕਿਆ, ਜੋ ਕਿ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ।
ਸਮੁੰਦਰ ਕੰਢੇ ਮਿਲੀ ਲਾਸ਼
ਹੁਣ ਅਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਪੈਰਿਸ ਤੋਂ ਕਰੀਬ 360 ਕਿਲੋਮੀਟਰ ਦੂਰ ਸਮੁੰਦਰ ਕੰਢੇ ਮਿਲੀ ਹੈ। ਵਿਦੇਸ਼ ਤੋਂ ਇਹ ਦੁਖਦਾਈ ਖ਼ਬਰ ਮਿਲਦਿਆਂ ਹੀ ਭਟਨੂਰਾ ਲੁਬਾਣਾ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
ਅਰਵਿੰਦਰ ਦੇ ਛੋਟੇ ਭਰਾ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ 18 ਮਈ ਨੂੰ ਵਰਕ ਪਰਮਿਟ ਵੀਜ਼ਾ ‘ਤੇ ਪੁਰਤਗਾਲ ਗਿਆ ਸੀ। ਉੱਥੇ ਰਹਿਣ ਦੀ ਬਜਾਏ, ਕੁਝ ਨੌਜਵਾਨਾਂ ਨੂੰ ਮਿਲਣ ਤੋਂ ਬਾਅਦ ਉਸ ਨੇ ਜੋਖਮ ਭਰਿਆ ਇੰਗਲੈਂਡ ਦਾ ਸਫ਼ਰ ਕਰਨ ਦੀ ਯੋਜਨਾ ਬਣਾਈ।ਅਸ਼ਵਿੰਦਰ ਨੇ ਦੱਸਿਆ, “ਅਸੀਂ ਉਸ ਨੂੰ ਅਜਿਹਾ ਖ਼ਤਰਨਾਕ ਕਦਮ ਨਾ ਚੁੱਕਣ ਦੀ ਸਲਾਹ ਦਿੱਤੀ ਸੀ। ਉਸ ਨੇ ਆਖਰੀ ਵਾਰ 29 ਸਤੰਬਰ ਨੂੰ ਗੱਲ ਕੀਤੀ ਸੀ ਅਤੇ ਕਿਸ਼ਤੀ ਵਾਲੀ ਗੱਲ ਦਾ ਜ਼ਿਕਰ ਨਹੀਂ ਕੀਤਾ।”
ਪਰਿਵਾਰ ਨੂੰ ਇਸ ਘਟਨਾ ਦਾ ਪਤਾ 2 ਅਕਤੂਬਰ ਨੂੰ ਲੱਗਾ, ਜਦੋਂ ਉਸੇ ਕਿਸ਼ਤੀ ‘ਤੇ ਸਵਾਰ ਕਪੂਰਥਲਾ ਦੇ ਇੱਕ ਨੌਜਵਾਨ ਨੇ ਫੋਨ ਕਰਕੇ ਦੱਸਿਆ ਕਿ ਕਿਸ਼ਤੀ ਪਲਟਣ ਤੋਂ ਬਾਅਦ ਅਰਵਿੰਦਰ ਲਾਪਤਾ ਹੈ। ਹੁਣ ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ।