ਖਬਰਿਸਤਾਨ ਨੈੱਟਵਰਕ– ਜਲੰਧਰ ਵਿਚ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਕੋਈ ਅਣਪਛਾਤਾ ਵਿਅਕਤੀ ਅੱਗ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਮਾਮਲਾ ਜਲੰਧਰ ਕੈਂਟ ਦੇ ਸੰਸਾਰਪੁਰ ਨੇੜੇ ਤੋਂ ਸਾਹਮਣੇ ਆਇਆ ਹੈ। ਜਦੋਂ ਕਾਰ ਮਾਲਕ ਨੇ ਸਵੇਰੇ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ ਕਿ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਘਟਨਾ CCTV ਵਿਚ ਹੋਈ ਕੈਦ
ਕਾਰ ਨੂੰ ਅੱਗ ਲਾਉਂਦਿਆਂ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਇਸ ਦੇ ਆਧਾਰ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਘਰ ਦੇ ਬਾਹਰ ਖੜ੍ਹੀ ਇੱਕ ਕਾਰ ‘ਤੇ ਤੇਲ ਛਿੜਕਦਾ ਹੈ ਤੇ ਅੱਗ ਲਾ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਜਾਂਚ ਵਿੱਚ ਪਤਾ ਲੱਗਾ ਕਿ ਇੱਕ ਨਕਾਬਪੋਸ਼ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਕੀ ਕਹਿਣੈ ਕਾਰ ਮਾਲਕ ਦਾ
ਰਿਪੋਰਟਾਂ ਅਨੁਸਾਰ ਸੰਸਾਰਪੁਰ ਚਰਚ ਰੋਡ ਦੇ ਰਹਿਣ ਵਾਲੇ ਅਮਨ ਨੇ ਵੀਰਵਾਰ ਰਾਤ ਨੂੰ ਆਪਣੇ ਘਰ ਦੇ ਬਾਹਰ ਆਪਣੀ ਕਾਰ ਖੜ੍ਹੀ ਕੀਤੀ ਸੀ। ਸ਼ੁੱਕਰਵਾਰ ਸਵੇਰੇ 3 ਵਜੇ ਦੇ ਕਰੀਬ ਉਸ ਨੇ ਅਚਾਨਕ ਇੱਕ ਆਵਾਜ਼ ਸੁਣੀ। ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਦੀ ਕਾਰ ਅੱਗ ਦੀ ਲਪੇਟ ਵਿਚ ਸੀ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਕਾਰ ਦਾ ਜ਼ਿਆਦਾਤਰ ਹਿੱਸਾ ਸੜ ਚੁੱਕਾ ਸੀ।
ਕੈਂਟ ਪੁਲਸ ਸਟੇਸ਼ਨ ਦੇ ਏਐਸਆਈ ਗੁਰਦੀਪ ਚੰਦ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਪਛਾਣ ਕਰਨ ਲਈ ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।