ਖਬਰਿਸਤਾਨ ਨੈੱਟਵਰਕ- ਆਪ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਲੈ ਕੇ ਵੱਡੀ ਖਬਰ ਹੈ, ਦੱਸ ਦੇਈਏ ਕਿ ਪਟਿਆਲਾ ਦੀ ਇੱਕ ਅਦਾਲਤ ਨੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਜੋ ਕਿ ਰੇਪ ਦੇ ਇੱਕ ਮਾਮਲੇ ਵਿੱਚ ਦੋਸ਼ੀ ਹੈ, ਨੂੰ ਆਪਣੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
12 ਨਵੰਬਰ ਤੱਕ ਪੇਸ਼ ਹੋਣ ਦੇ ਹੁਕਮ
ਕੋਰਟ ਨੇ ਪਠਾਣਮਾਜਰਾ ਨੂੰ 12 ਨਵੰਬਰ ਤੱਕ ਪੇਸ਼ ਹੋਣ ਦਾ ਸਮਾਂ ਦਿੱਤਾ ਹੈ। ਜੇਕਰ ਪਠਾਣਮਾਜਰਾ ਨਿਰਧਾਰਤ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਵੇਗਾ। ਇਸ ਸਬੰਧ ਵਿੱਚ ਇੱਕ ਨੋਟਿਸ ਉਨ੍ਹਾਂ ਦੇ ਪਟਿਆਲਾ ਸਥਿਤ ਘਰ ‘ਤੇ ਚਿਪਕਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਦੀ ਜਾਇਦਾਦ ਵੀ ਕੁਰਕ ਕੀਤੀ ਜਾ ਸਕਦੀ ਹੈ।
2 ਮਹੀਨੇ ਪਹਿਲਾ ਕੇਸ ਦਰਜ
ਜ਼ਿਕਰਯੋਗ ਹੈ ਕਿ ਪਠਾਣਮਾਜਰਾ ਵਿਰੁੱਧ ਦੋ ਮਹੀਨੇ ਪਹਿਲਾਂ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਉਹ ਕਰਨਾਲ, ਹਰਿਆਣਾ ਦੇ ਡਾਬਰੀ ਪਿੰਡ ਭੱਜ ਗਏ। ਇਸ ਸਬੰਧ ਵਿੱਚ ਕਰਨਾਲ ਵਿੱਚ ਵੀ ਐਫਆਈਆਰ ਦਰਜ ਕੀਤੀ ਗਈ ਸੀ। ਪਠਾਨਮਾਜਰਾ ਨੇ ਪਟਿਆਲਾ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਪਰ 9 ਅਕਤੂਬਰ ਨੂੰ ਅਦਾਲਤ ਨੇ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ। ਪਠਾਨਮਾਜਰਾ ਨੇ ਇਸ ਸਬੰਧ ਵਿੱਚ ਦੋ ਵੀਡੀਓ ਵੀ ਜਾਰੀ ਕੀਤੇ। ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਇੱਕ ਪੁਰਾਣੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ‘ਆਪ’ ਦੀ ਦਿੱਲੀ ਟੀਮ ਵਿਰੁੱਧ ਬੋਲਿਆ ਸੀ।
26 ਅਗਸਤ ਨੂੰ ਇੱਕ ਔਰਤ ਵੱਲੋਂ ਨਵੀਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਵਿਧਾਇਕ ਪਠਾਣਮਾਜਰਾ ‘ਤੇ ਵਿਆਹ ਦਾ ਝਾਂਸਾ ਦੇ ਕੇ ਯੌਨ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ।
ਪਹਿਲਾਂ ਵੀ ਰਹਿ ਚੁੱਕੇ ਹਨ ਵਿਵਾਦਾਂ ‘ਚ
ਪਠਾਣਮਾਜਰਾ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਰਹਿ ਚੁੱਕੇ ਹਨ। 2022 ਵਿੱਚ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਦੋਸ਼ ਲਗਾਇਆ ਸੀ ਕਿ ਵਿਧਾਇਕ ਨੇ ਆਪਣੀ ਪਹਿਲੀ ਸ਼ਾਦੀ ਛੁਪਾਈ ਅਤੇ ਉਸ ਨਾਲ ਮਾਰਪੀਟ ਕੀਤੀ। ਇਸ ਤੋਂ ਇਲਾਵਾ, ਇੱਕ ਕਥਿਤ ਅਸ਼ਲੀਲ ਵੀਡੀਓ ਲੀਕ ਹੋਣ ਤੋਂ ਬਾਅਦ ਵੀ ਪਠਾਣਮਾਜਰਾ ਕਾਫ਼ੀ ਚਰਚਾ ‘ਚ ਰਹੇ ਸਨ।
ਪੁਲਸ ਹਿਰਾਸਤ ਵਿਚੋਂ ਹੋਇਆ ਫਰਾਰ
ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪਟਿਆਲਾ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁਲਸ ਹਿਰਾਸਤ ਵਿਚੋਂ ਫਰਾਰ ਹੋ ਗਏ ਸਨ। ਪਠਾਣਮਾਜਰਾ ਨੂੰ ਪੰਜਾਬ ਪੁਲਸ ਨੇ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਮੁਤਾਬਕ ਮੁਤਾਬਕ ਪਠਾਣਮਾਜਰਾ ਪੁਲਸ ‘ਤੇ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਸਨ।
ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲਸ ਉਨ੍ਹਾਂ ਗ੍ਰਿਫ਼ਤਾਰ ਕਰਕੇ ਲੋਕਲ ਥਾਣੇ ਵਿਚ ਲੈ ਕੇ ਜਾ ਰਹੀ ਸੀ, ਇਸ ਦੌਰਾਨ ਪਠਾਣਮਾਜਰਾ ਅਤੇ ਉਸ ਦੇ ਸਾਥੀਆਂ ਨੇ ਪੁਲਸ “ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ਵਿਚ ਇਕ ਪੁਲਸ ਮੁਲਾਜ਼ਮ ਜ਼ਖਮੀ ਹੋਇਆ ਸੀ। ਪੁਲਸ ਮੁਲਾਜ਼ਮਾਂ ਉਪਰਾਂ ਗੱਡੀ ਚੜ੍ਹਾਉਂਦੇ ਹੋਏ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਵਿਧਾਇਕ ਅਤੇ ਉਸ ਦੇ ਸਾਥੀ ਇਕ ਸਕਾਰਪੀਓ ਅਤੇ ਇਕ ਫਾਰਚੂਨਰ ਲੈ ਕੇ ਭੱਜੇ ਪਰ ਪੁਲਸ ਨੇ ਫਾਰਚੂਨਰ ਨੂੰ ਦਬੋਚ ਲਿਆ ਜਦਕਿ ਸਕਾਰਪੀਓ ਵਿਚ ਵਿਧਾਇਕ ਪਠਾਣਮਾਜਰਾ ਫਰਾਰ ਹੋ ਗਿਆ ਸੀ।