ਖਬਰਿਸਤਾਨ ਨੈੱਟਵਰਕ- ਜਲੰਧਰ ਰੋਡਵੇਜ਼ ਡਿਪੂ ਦੇ ਡਰਾਈਵਰਾਂ ਨੇ ਅੱਜ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਰੋਡਵੇਜ਼ ਡਰਾਈਵਰ ਜਗਜੀਤ ਸਿੰਘ ਦਾ ਰਸਤੇ ਵਿਚ ਕਾਰ ਚਾਲਕ ਨੇ ਮਾਮੂਲੀ ਤਕਰਾਰ ਪਿੱਛੋਂ ਰਾਡ ਮਾਰ ਕੇ ਕਤਲ ਦਿੱਤਾ ਸੀ, ਜਿਸ ਤੋੰ ਬਾਅਦ ਆਰਜ਼ੀ ਕਰਮਚਾਰੀ ਯੂਨੀਅਨ ਵਿੱਚ ਭਾਰੀ ਰੋਸ ਹੈ। ਇਸ ਦੇ ਵਿਰੋਧ ਵਿੱਚ, ਜਲੰਧਰ ਰੋਡਵੇਜ਼ ਡਿਪੂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਸਾਰੀਆਂ ਬੱਸਾਂ ਡਿਪੂ ਦੇ ਅੰਦਰ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਰੋਡਵੇਜ਼ ਡਿਪੂ ਕਰਮਚਾਰੀ ਯੂਨੀਅਨ ਦੇ ਸੀਨੀਅਰ ਪ੍ਰਧਾਨ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਨੇ ਮ੍ਰਿਤਕ ਡਰਾਈਵਰ ਦੇ ਪਰਿਵਾਰ ਲਈ ਸਰਕਾਰੀ ਨੌਕਰੀ ਅਤੇ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਨਹੀਂ ਕੀਤਾ ਤਾਂ ਵੀਰਵਾਰ ਸਵੇਰੇ 10 ਵਜੇ ਤੋਂ ਬਾਅਦ ਪੰਜਾਬ ਭਰ ਦੇ 27 ਡਿਪੂਆਂ ‘ਤੇ ਬੱਸਾਂ ਰੋਕੀਆਂ ਜਾਣਗੀਆਂ। ਇਨ੍ਹਾਂ ਮੰਗਾਂ ਤੇ ਇਨਸਾਫ ਨੂੰ ਲੈ ਕੇ ਹੀ ਅੱਜ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਜਲੰਧਰ ਰੋਡਵੇਜ਼ ਡਿਪੂ ‘ਤੇ ਬੱਸ ਸੇਵਾਵਾਂ ਮੁਅੱਤਲ
ਬੁੱਧਵਾਰ ਸ਼ਾਮ 5 ਵਜੇ ਤੋਂ ਜਲੰਧਰ ਰੋਡਵੇਜ਼ ਡਿਪੂ ‘ਤੇ ਬੱਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਮੁਆਵਜ਼ਾ ਜਾਂ ਸਹਾਇਤਾ ਦਾ ਕੋਈ ਭਰੋਸਾ ਨਹੀਂ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਆਰਜ਼ੀ ਕਰਮਚਾਰੀਆਂ ਲਈ ਬੀਮਾ ਯੋਜਨਾ ਬੰਦ ਕਰ ਦਿੱਤੀ ਹੈ, ਜਿਸ ਨਾਲ ਕਰਮਚਾਰੀਆਂ ਵਿੱਚ ਨਾਰਾਜ਼ਗੀ ਹੋਰ ਵਧ ਗਈ ਹੈ।
ਮ੍ਰਿਤਕ, ਜਗਜੀਤ ਸਿੰਘ, ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਛੋਟੇ ਬੱਚੇ ਹਨ। ਯੂਨੀਅਨ ਨੇ ਸਵਾਲ ਉਠਾਇਆ ਹੈ ਕਿ ਹੁਣ ਉਸਦਾ ਪਰਿਵਾਰ ਕਿਵੇਂ ਗੁਜ਼ਾਰਾ ਕਰੇਗਾ। ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਜਲਦੀ ਇਨਸਾਫ਼ ਦੇਵੇ ਨਹੀਂ ਤਾਂ ਉਹ ਮ੍ਰਿਤਕ ਦੇਹ ਸੜਕ ਉਤੇ ਰੱਖ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਜਗਜੀਤ ਸਿੰਘ ਦਾ ਪੋਸਟਮਾਰਟਮ ਅੱਜ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।