ਖਬਰਿਸਤਾਨ ਨੈੱਟਵਰਕ- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਜਾਅਲੀ ਕਰੰਸੀ ਮਡਿਊਲ ਦਾ ਪਰਦਾਫਾਸ਼ ਕਰ ਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਡੇਰਾਬੱਸੀ ਵਿੱਚ ਇੱਕ ਅੰਤਰਰਾਜੀ ਜਾਅਲੀ ਕਰੰਸੀ ਗ੍ਰੋਹ ਦਾ ਪਰਦਾਫਾਸ਼ ਕਰਦਿਆਂ ਪੁਲਸ ਨੇ 9 ਕਰੋੜ 99 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਅਤੇ ਬੰਦ ਕੀਤੀ ਗਈ ਕਰੰਸੀ ਬਰਾਮਦ ਕੀਤੀ ਹੈ।
2 ਮੁਲਜ਼ਮ ਕਾਬੂ
ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਚਿਨ, ਵਾਸੀ ਭਾਰਤ ਨਗਰ, ਪਿਹੋਵਾ, ਕੁਰੂਕਸ਼ੇਤਰ (ਹਰਿਆਣਾ) ਅਤੇ ਗੁਰਦੀਪ, ਵਾਸੀ ਗੁਰਦੇਵ ਨਗਰ, ਕੁਰੂਕਸ਼ੇਤਰ (ਹਰਿਆਣਾ) ਵਜੋਂ ਹੋਈ ਹੈ।
ਐਸ ਐਸ ਪੀ ਨੇ ਦੱਸਿਆ ਕਿ ਜਾਅਲੀ ਕਰੰਸੀ ਅਪਰਾਧ ਵਿੱਚ ਸ਼ਾਮਲ ਇੱਕ ਅੰਤਰਰਾਜੀ ਸਿੰਡੀਕੇਟ ਨਾਲ ਜੁੜੇ ਦੋ ਸ਼ੱਕੀਆਂ ਦੀ ਗਤੀਵਿਧੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ਉਤੇ ਤੁਰੰਤ ਕਾਰਵਾਈ ਕੀਤੀ ਗਈ। ਪੁਰਾਣਾ ਅੰਬਾਲਾ-ਕਾਲਕਾ ਹਾਈਵੇਅ ‘ਤੇ ਘੱਗਰ ਪੁਲ ‘ਤੇ ਪੀ ਡਬਲਯੂ ਡੀ ਰੈਸਟ ਹਾਊਸ ਨੇੜੇ ਇੱਕ ਨਾਕਾ ਲਗਾਇਆ। ਸ਼ੱਕੀਆਂ ਨੂੰ ਇੱਕ ਚਿੱਟੇ ਰੰਗ ਦੀ ਸਕਾਰਪੀਓ-ਐਨ (ਐਚ ਆਰ-41-ਐਮ-6974) ਵਿੱਚ ਜਾਂਦੇ ਹੋਏ ਰੋਕਿਆ ਗਿਆ, ਜਿਸ ਨਾਲ 11,05,000 ਰੁਪਏ ਦੀ ਅਸਲ ਬੰਦ ਕੀਤੀ ਗਈ ਕਰੰਸੀ ਅਤੇ 9 ਕਰੋੜ 88 ਲੱਖ ਰੁਪਏ ਦੀ ਡੁਪਲੀਕੇਟ ਕਰੰਸੀ ਬਰਾਮਦ ਹੋਈ।
ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਉਹ ਲੋਕਾਂ ਨੂੰ ਧੋਖਾ ਦੇਣ ਲਈ ਬੰਡਲਾਂ ਦੇ ਬਾਹਰ ਅਸਲੀ ਨੋਟ ਰੱਖਦੇ ਸਨ ਜਦੋਂ ਕਿ ਅੰਦਰ ਨਕਲੀ ਨੋਟ ਭਰਦੇ ਸਨ। ਉਨ੍ਹਾਂ ਨੇ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਹੈ ਅਤੇ ਧੋਖਾਧੜੀ ਅਤੇ ਨਕਲੀ ਕਰੰਸੀ ਦੇ ਪਹਿਲਾਂ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਨਾਲ ਅਪਰਾਧਿਕ ਪਿਛੋਕੜ ਹੈ। 2023 ਵਿੱਚ ਮੋਹਾਲੀ ਦੇ ਇੱਕ ਨਿਵਾਸੀ ਤੋਂ 7 ਕਰੋੜ ਰੁਪਏ ਦੀ ਧੋਖਾਧੜੀ ਦੇ ਸਬੰਧ ਵਿੱਚ ਆਈ ਪੀ ਸੀ ਦੀ ਧਾਰਾ 406, 420, ਅਤੇ 120-ਬੀ ਤਹਿਤ ਐਫ ਆਈ ਆਰ ਨੰਬਰ 248, ਮਿਤੀ 01/10/2025, ਪੁਲਿਸ ਸਟੇਸ਼ਨ ਫੇਜ਼-1 ਮੋਹਾਲੀ ਵਿਖੇ ਉਨ੍ਹਾਂ ਵਿਰੁੱਧ ਦਰਜ ਕੀਤੀ ਗਈ ਹੈ ਅਤੇ ਰਾਜਸਥਾਨ ਅਤੇ ਹੋਰ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੇ ਢੰਗ ਨਾਲ ਕਈ ਹੋਰ ਮਾਮਲੇ ਦਰਜ ਕੀਤੇ ਗਏ ਹਨ।
ਪੁਲਿਸ ਸਟੇਸ਼ਨ ਡੇਰਾਬੱਸੀ ਵਿਖੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 318(4), 178, 179, 180, ਅਤੇ 182 ਦੇ ਤਹਿਤ ਐਫ ਆਈ ਆਰ ਨੰਬਰ 327 ਮਿਤੀ 13.11.2025 ਦੇ ਤਹਿਤ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਗਲੇਰੀ ਜਾਂਚ ਕਰ ਰਹੀ ਹੈ।