ਖਬਰਿਸਤਾਨ ਨੈੱਟਵਰਕ– ਤਰਨਤਾਰਨ ਜ਼ਿਮਨੀ ਚੋਣਾਂ ਵਿਚ ਜਿੱਤ ਤੋਂ ਬਾਅਦ ਅੱਜ ਹਰਮੀਤ ਸਿੰਘ ਸੰਧੂ ਨੇ ਵਿਧਾਇਕ ਵਜੋਂ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਹੁਦੇ ਦਾ ਹਲਫ਼ ਦਿਵਾਇਆ। ਦੱਸ ਦੇਈਏ ਕਿ ਹਰਮੀਤ ਸਿੰਘ ਸੰਧੂ ਨੇ ਚੌਥੀ ਵਾਰ ਵਿਧਾਇਕ ਵਜੋਂ ਸਹੁੰ ਚੁੱਕੀ ਹੈ। ਉਹ ਤਰਨਤਾਰਨ ਤੋਂ ‘ਆਪ’ ਦੇ ਵਿਧਾਇਕ ਚੁਣੇ ਗਏ ਸਨ। ਸੰਹੁ ਚੁੱਕ ਸਮਾਗਮ ਚੰਡੀਗੜ੍ਹ ਵਿਚ ਹੋਇਆ। ਇਸ ਮੌਕੇ ‘ਆਪ’ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।
CM ਮਾਨ ਨਾਲ ਕੀਤੀ ਮੁਲਾਕਾਤ

ਸਹੁੰ ਚੁੱਕਣ ਦੀ ਰਸਮ ਤੋਂ ਪਹਿਲਾਂ ਨਵੇਂ ਵਿਧਾਇਕ ਹਰਮੀਤ ਸੰਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਜਿੱਤ ਲਈ ਵਧਾਈ ਦਿੱਤੀ ਗਈ।
ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਹੋਏ ਸਨ ਸ਼ਾਮਲ
ਸਿਆਸੀ ਪਿਛੋਕੜ ਦੀ ਗੱਲ ਕਰੀਏ ਤਾਂ ਹਰਮੀਤ ਸਿੰਘ ਸੰਧੂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਪਾਰਟੀ ਨੇ ਉਨ੍ਹਾਂ ਨੂੰ ਮਰਹੂਮ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਕਾਰਨ ਖਾਲੀ ਹੋਈ ਇਸ ਮਹੱਤਵਪੂਰਨ ਸੀਟ ਤੋਂ ਉਮੀਦਵਾਰ ਐਲਾਨਿਆ ਸੀ, ਜਿਸ ਉਤੇ ਹਰਮੀਤ ਸੰਧੂ ਪੂਰੀ ਤਰ੍ਹਾਂ ਖਰ੍ਹੇ ਉਤਰੇ ਤੇ ਲੋਕਾਂ ਨੇ ਉਨ੍ਹਾਂ ਨੂੰ
ਵੱਡੇ ਪੱਧਰ ਉਤੇ ਵੋਟਾਂ ਪਾ ਕੇ ਜਿਤਾਇਆ।
ਅਕਾਲੀ ਦਲ ਨੂੰ 12,091 ਵੋਟਾਂ ਦੇ ਫਰਕ ਨਾਲ ਹਰਾਇਆ
ਉਪ ਚੋਣਾਂ ਦੇ ਨਤੀਜਿਆਂ ਵਿੱਚ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 12,091 ਵੋਟਾਂ ਦੇ ਫਰਕ ਨਾਲ ਹਰਾਇਆ। ਭਾਵੇਂ ‘ਆਪ’ ਨੇ ਸੀਟ ਬਰਕਰਾਰ ਰੱਖੀ ਹੈ ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਉਪ ਚੋਣ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਪਿਛਲੇ ਸਾਲਾਂ ਦੇ ਮੁਕਾਬਲੇ ਬਿਹਤਰ ਰਿਹਾ ਹੈ, ਜਿਸ ਨੂੰ ਪਾਰਟੀ ਲਈ ਪੰਜਾਬ ਦੀ ਸਿਆਸਤ ਵਿੱਚ ਕਮਬੈਕ ਵਜੋਂ ਦੇਖਿਆ ਜਾ ਰਿਹਾ ਹੈ। ਉਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸੰਧੂ ਨੇ ਵੀ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਇਹ ਚੋਣ ਨਾ ਲੜਦੀ ਤਾਂ ਅਕਾਲੀ ਦਲ ਦੀ ਜਿੱਤ ਹੋ ਸਕਦੀ ਸੀ।
ਸਿਆਸੀ ਸਫ਼ਰ
1997 ਵਿੱਚ ਸੂਬੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਬਣੀ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਸ਼ੁਰੂ ਕੀਤੇ ਆਪਣੇ ਸਿਆਸੀ ਸਫਰ ਤੇ ਜਦੋਂ ਉਨ੍ਹਾਂ ਨੂੰ 2002 ਦੀ ਚੋਣ ਵਿੱਚ ਅਕਾਲੀ ਦਲ ਨੇ ਟਿਕਟ ਨਾ ਦਿੱਤਾ ਤਾਂ ਉਨ੍ਹਾਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਆਜ਼ਾਦ ਉਮੀਦਵਾਰ ਦੇ ਤੌਰ ਉਤੇ ਜੇਤੂ ਰਹਿਣ ’ਤੇ ਵੀ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਅਕਾਲੀ ਦਲ ਵਿੱਚ ਹੀ ਸ਼ਾਮਲ ਹੋਣ ਨੂੰ ਪਹਿਲ ਦਿੱਤੀ ਜਿਸ ਨਾਲ ਉਹ ਬਾਦਲ ਪਰਿਵਾਰ ਦੇ ਨੇੜੇ ਹੋਣ ਵਿੱਚ ਸਫਲ ਰਹੇ।