ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਮੌਸਮ ਦਾ ਮਿਜ਼ਾਜ਼ ਬਦਲਣਾ ਸ਼ੁਰੂ ਹੋ ਗਿਆ ਹੈ। ਸਵੇਰੇ ਸ਼ਾਮ ਠੰਡ ਦਾ ਅਸਰ ਦੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਰਾਤ ਵੇਲੇ ਠੰਢ ਤੇ ਸਵੇਰੇ ਸਮੇਂ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਪਮਾਨ ਵਿੱਚ ਗਿਰਾਵਟ ਕਾਰਨ ਠੰਡ ਦਾ ਅਹਿਸਾਸ ਜ਼ਿਆਦਾ ਹੋ ਰਿਹਾ ਹੈ।
ਧੰਦ ਕਾਰਣ ਰਾਹਗੀਰਾਂ ਨੂੰ ਹੋ ਰਹੀ ਪ੍ਰੇਸ਼ਾਨੀ
ਆਲੇ ਦੁਆਲੇ ਦੇ ਪਿੰਡਾਂ ਵਿਚ ਸਵੇਰ ਦੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਣ ਸੜਕਾਂ ‘ਤੇ ਡਰਾਈਵਰਾਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ। ਦ੍ਰਿਸ਼ਟੀ ਵਿੱਚ ਕਾਫ਼ੀ ਕਮੀ ਆਉਣ ਕਾਰਨ ਆਵਾਜਾਈ ਹੌਲੀ ਹੋ ਗਈ ਹੈ।
ਆਵਾਜਾਈ ਵਿਭਾਗ ਨੇ ਡਰਾਈਵਰਾਂ ਨੂੰ ਧੁੰਦ ਦੀਆਂ ਲਾਈਟਾਂ ਦੀ ਵਰਤੋਂ ਕਰਨ, ਸਹੀ ਵਾਹਨ ਸੂਚਕਾਂ ਅਤੇ ਟੇਲਲਾਈਟਾਂ ਨੂੰ ਬਣਾਈ ਰੱਖਣ ਅਤੇ ਗਤੀ ਨਿਯੰਤਰਣ ਬਣਾਈ ਰੱਖਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਸਕੂਲ ਜਾਣ ਵਾਲੇ ਬੱਚਿਆਂ ਅਤੇ ਸਵੇਰੇ ਕੰਮ ‘ਤੇ ਜਾਣ ਵਾਲਿਆਂ ਨੂੰ ਖਾਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵਲੋਂ, ਪੰਜਾਬ ਵਿੱਚ ਫਿਲਹਾਲ ਮੀਂਹ ਜਾਂ ਸ਼ੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀ ਹੈ। ਹਾਲਾਂਕਿ ਠੰਢ ਦਾ ਕਹਿਰ ਵਧੇਗਾ।
ਆਉਣ ਵਾਲੇ ਦਿਨਾਂ ਵਿਚ ਕਿਵੇਂ ਦਾ ਰਹੇਗਾ ਮੌਸਮ
ਮੌਸਮ ਵਿਭਾਗ ਅਨੁਸਾਰ 24 ਨਵੰਬਰ ਤੋਂ ਬਾਅਦ ਮੌਸਮ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਉਣ ਦੀ ਉਮੀਦ ਹੈ। ਇਸ ਸਮੇਂ ਦੌਰਾਨ ਇੱਕ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ, ਜਿਸ ਨਾਲ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਘਟ ਸਕਦਾ ਹੈ।
ਦੂਜੇ ਸੂਬਿਆਂ ਵਿਚ ਮੌਸਮ ਦੀ ਸਥਿਤੀ
ਦੂਜੇ ਸੂਬਿਆਂ ਦੀ ਜੇਕਰ ਗੱਲ ਕਰੀਏ ਤਾਂ ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਧੁੰਦ ਪੈ ਰਹੀ ਹੈ। ਮੱਧ ਭਾਰਤ, ਮਹਾਰਾਸ਼ਟਰ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਅਗਲੇ 2-3 ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਹੌਲੀ-ਹੌਲੀ ਵਧਣ ਦੀ ਉਮੀਦ ਹੈ। ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸ਼ੀਤ ਲਹਿਰ ਦੀ ਸਥਿਤੀ ਦੇਖੀ ਜਾ ਸਕਦੀ ਹੈ।
ਹਿਮਾਚਲ ਦੇ ਵੀ ਕਈ ਇਲਾਕਿਆਂ ਵਿੱਚ ਤਾਪਮਾਨ ਪੰਜ ਡਿਗਰੀ ਤੋਂ ਘੱਟ ਦੱਸਿਆ ਗਿਆ ਹੈ। ਰਿਪੋਰਟਾਂ ਮੁਤਾਬਕ ਅਗਲੇ 3-4 ਦਿਨਾਂ ਵਿੱਚ ਹਿਮਾਚਲ ਦੇ ਉੱਚੇ ਅਤੇ ਮੱਧ-ਪਹਾੜੀ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟਣ ਦੀ ਉਮੀਦ ਹੈ।
ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਕੁਕੁਮਸੇਰੀ ਵਿੱਚ ਮਨਫੀ 3.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਵਿੱਚ 8.6 ਡਿਗਰੀ ਸੈਲਸੀਅਸ, ਸੁੰਦਰਨਗਰ ਵਿੱਚ 4.7 ਡਿਗਰੀ ਸੈਲਸੀਅਸ, ਭੁੰਤਰ ਵਿੱਚ 4.6 ਡਿਗਰੀ ਸੈਲਸੀਅਸ, ਕਲਪਾ ਵਿੱਚ 1.8 ਡਿਗਰੀ ਸੈਲਸੀਅਸ ਅਤੇ ਧਰਮਸ਼ਾਲਾ ਵਿੱਚ 7.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।