ਖਬਰਿਸਤਾਨ ਨੈੱਟਵਰਕ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਨ ਅਤੇ ਉਨ੍ਹਾਂ ਦੀਆਂ ਮਨੁੱਖਤਾ, ਕੁਰਬਾਨੀ ਅਤੇ ਧਾਰਮਿਕ ਆਜ਼ਾਦੀ ਦੀਆਂ ਸਿੱਖਿਆਵਾਂ ਨੂੰ ਜਨਤਾ ਤੱਕ ਪਹੁੰਚਾਉਣ ਦਾ ਦਿਨ ਹੈ।
ਉਨ੍ਹਾਂ ਨੇ ਸੰਗਤ ਨਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਮਹੱਤਤਾ ਅਤੇ ਉਨ੍ਹਾਂ ਦੇ ਵਿਸ਼ਵਵਿਆਪੀ ਸੰਦੇਸ਼ ਬਾਰੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਦਿਨ ਸਾਰੀ ਮਨੁੱਖਤਾ ਲਈ ਅਤਿ ਪਵਿੱਤਰ ਹੈ, ਕਿਉਂਕਿ ਇਸ ਦਿਨ, ਲਗਭਗ 350 ਸਾਲ ਪਹਿਲਾਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਸੱਚ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ।
ਗੁਰੂ ਤੇਗ ਬਹਾਦਰ ਜੀ ਨੇ ਨਾ ਸਿਰਫ਼ ਹਿੰਦੂ ਧਰਮ ਦੀ ਰੱਖਿਆ ਕੀਤੀ, ਸਗੋਂ ਅਨਿਆਂ ਅਤੇ ਜ਼ੁਲਮ ਦੇ ਵਿਰੁੱਧ ਡਟ ਕੇ ਦੁਨੀਆ ਨੂੰ ਬੇਮਿਸਾਲ ਹਿੰਮਤ ਦਾ ਸੰਦੇਸ਼ ਵੀ ਦਿੱਤਾ। ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਅੱਜ ਦੇ ਦਿਨ ਇੱਕ ਜਪੁਜੀ ਸਾਹਿਬ ਦਾ ਪਾਠ ਕਰਨ ਲਈ ਕਿਹਾ। ਇਹ ਪਾਠ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸਾਡੀ ਸ਼ਰਧਾ ਦਾ ਪ੍ਰਗਟਾਵਾ ਹੈ।
ਆਪਣੇ ਸੰਦੇਸ਼ ਵਿੱਚ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸ੍ਰੀ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਵਜੋਂ ਘੋਸ਼ਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਦਰਜਾ ਦਿੱਤਾ ਜਾਂਦਾ ਹੈ, ਤਾਂ ਇਹ ਇਨ੍ਹਾਂ ਪਵਿੱਤਰ ਸਥਾਨਾਂ ਦੇ ਆਲੇ-ਦੁਆਲੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਤੀਵਿਧੀਆਂ ਨੂੰ ਰੋਕੇਗਾ, ਅਤੇ ਇਨ੍ਹਾਂ ਸ਼ਹਿਰਾਂ ਦੀ ਸ਼ਾਨ ਅਤੇ ਪਵਿੱਤਰਤਾ ਨੂੰ ਬਣਾਈ ਰੱਖੇਗਾ।
ਉਨ੍ਹਾਂ ਨੇ ਇਸ ਕਦਮ ਲਈ ਪੰਜਾਬ ਸਰਕਾਰ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਫੈਸਲਾ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਾ ਹੈ ਅਤੇ ਇੱਕ ਬਹੁਤ ਹੀ ਸਵਾਗਤਯੋਗ ਪਹਿਲਕਦਮੀ ਹੈ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੀਆਂ ਹਿੰਮਤ, ਕੁਰਬਾਨੀ ਅਤੇ ਮਨੁੱਖਤਾ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਇਨ੍ਹਾਂ ਪਵਿੱਤਰ ਸਥਾਨਾਂ ਦੀ ਸ਼ਾਨ ਨੂੰ ਬਣਾਈ ਰੱਖਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਹ ਦਿਹਾੜਾ ਸਾਰੀ ਮਨੁੱਖਤਾ ਲਈ ਪਵਿੱਤਰਤਾ ਅਤੇ ਤਿਆਗ ਦਾ ਪ੍ਰਤੀਕ ਹੈ। ਨੌਵੇਂ ਪਾਤਸ਼ਾਹ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ, ਜੋ ਕਿ ਮਨੁੱਖਤਾ ਦੀ ਆਜ਼ਾਦੀ ਲਈ ਸਭ ਤੋਂ ਵੱਡੀ ਕੁਰਬਾਨੀ ਹੈ। ਉਹਨਾਂ ਯਾਦ ਕਰਵਾਇਆ ਕਿ ਸਤਿਗੁਰੂ ਤੋਂ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਵੀ ਅਦੁੱਤੀ ਕੁਰਬਾਨੀਆਂ ਦਿੱਤੀਆਂ।