ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਪੱਛਮੀ ਹਲਕੇ ਪਾਰਸ ਅਸਟੇਟ ਵਿਚ 13 ਸਾਲਾ ਬੱਚੀ ਦੇ ਕਤਲ ਤੋਂ ਬਾਅਦ ਜਿਥੇ ਅੱਜ ਸਹੀ ਤਰੀਕੇ ਨਾਲ ਜਾਂਚ ਨਾ ਕਰਨ ਉਤੇ ASI ਮੰਗਤ ਰਾਮ ਨੂੰ ਡਿਸਮਿਸ ਕੀਤਾ ਗਿਆ, ਉਥੇ ਹੀ ਅੱਜ ਬੱਚੀ ਦਾ ਭੋਗ ਜਲੰਧਰ ਦੇ ਮਿੱਠੂ ਬਸਤੀ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਵਿਚ ਸੀਪੀ ਧਨਪ੍ਰੀਤ ਕੌਰ, ਡੀ ਸੀ ਹਿਮਾਂਸ਼ੂ ਅਗਰਵਾਲ, ਰਾਜਨੀਤਕ ਪਾਰਟੀਆਂ ਦੇ ਆਗੂ ਸੁਸ਼ੀਲ ਰਿੰਕੂ, ਸ਼ੀਤਲ ਅੰਗੂਰਾਲ, ਪ੍ਰਦੀਪ ਖੁੱਲ੍ਹਰ ਸਮੇਤ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੀ ਸ਼ਾਮਲ ਹੋਏ। ਸਾਰਿਆਂ ਨੇ ਨਮ ਅੱਖਾਂ ਨਾਲ ਬੱਚੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੇ ਨਾਲ ਹੀ ਨਿਹੰਗ ਜਥੇਬੰਦੀਆਂ ਤੋਂ ਵੀ ਨਿਹੰਗ ਸਾਹਿਬ ਬੱਚੀ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੁੱਜੇ।
ਮਾਂ ਨੂੰ ਮਿਲੇਗੀ ਸਰਕਾਰੀ ਨੌਕਰੀ
ਇਸ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਪੰਜਾਬ ਸਰਕਾਰ ਵੱਲੋਂ ਲੜਕੀ ਦੀ ਮਾਂ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਹੈ। ਮਹਿੰਦਰ ਭਗਤ ਨੇ ਚਲਾ ਗਿਆ ਹੈ ਉਸ ਨੂੰ ਕੋਈ ਵਾਪਸ ਨਹੀਂ ਲਿਆ ਸਕਦਾ। ਹੁਣ ਤਾਂ ਜੋ ਮਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਦੂਜਿਆਂ ‘ਤੇ ਨਿਰਭਰ ਨਾ ਰਹਿਣਾ ਪਵੇ, ਇਸ ਲਈ ਆਉਣ ਵਾਲੇ ਦਿਨਾਂ ਵਿੱਚ ਇੱਕ ਸਥਾਈ ਨੌਕਰੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਦਮਪੁਰ ਦੇ ਐਸਡੀਐਮ ਦਫ਼ਤਰ ਵਿੱਚ ਕੰਮ ਕਰਨ ਵਾਲੇ ਉਨ੍ਹਾਂ ਦੇ ਪੁੱਤਰ ਨੂੰ ਵੀ ਜਲੰਧਰ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਮਾਂ ਨਾਲ ਰਹਿ ਸਕੇ। ਸਰਕਾਰ ਪਰਿਵਾਰ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗੀ।
ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਪਹੁੰਚੇ ਇੱਕ ਨਿਹੰਗ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਦੋਸ਼ੀਆਂ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਅਸੀਂ ਅਜਿਹੀ ਸਜ਼ਾ ਦੇਵਾਂਗੇ ਕਿ ਕੋਈ ਵੀ ਦੁਬਾਰਾ ਕਦੇ ਅਜਿਹੀ ਘਿਨਾਉਣੀ ਹਰਕਤ ਨਹੀਂ ਕਰ ਸਕੇਗਾ।
ਖਾਲਸੇ ਲਈ ਸਾਰੀਆਂ ਕੁੜੀਆਂ ਉਨ੍ਹਾਂ ਦੀਆਂ ਧੀਆਂ
ਭੋਗ ਮੌਕੇ ਪੁੱਜੇ ਇੱਕ ਨਿਹੰਗ ਸਿੰਘ ਨੇ ਕਿਹਾ ਕਿ ਸਾਰੀਆਂ ਕੁੜੀਆਂ ਭਾਵੇਂ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ, ਸਾਡੀਆਂ ਆਪਣੀਆਂ ਧੀਆਂ ਵਾਂਗ ਹਨ। ਜੇਕਰ ਉਨ੍ਹਾਂ ਨਾਲ ਬੇਇਨਸਾਫ਼ੀ ਹੁੰਦੀ ਹੈ ਤਾਂ ਨਿਹੰਗ ਸਿੰਘ ਜਥੇਬੰਦੀਆਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀਆਂ ਹੋਣਗੀਆਂ ਅਤੇ ਇਨਸਾਫ਼ ਯਕੀਨੀ ਬਣਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਖਾਲਸਾ ਸਮਾਜ ਦੀ ਰੱਖਿਆ ਲਈ ਹੈ।
ਸ਼ਰਧਾਂਜਲੀ ਦੇਣ ਤੋਂ ਬਾਅਦ ਸੀਪੀ ਨੇ ਕਿਹਾ ਕਿ “ਜਾਂਚ ਜਾਰੀ ਹੈ, ਸਾਰੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇਗੀ। ਉਥੇ ਹੀ ਮੁਲਜ਼ਮ 9 ਦਿਨਾਂ ਦੇ ਅਦਾਲਤੀ ਰਿਮਾਂਡ ‘ਤੇ ਹੈ ਅਤੇ ਇਸ ਵੇਲੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਐਸਆਈ ਮੰਗਤ ਰਾਮ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਦੋ ਪੀਸੀਆਰ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਜਾਂਚ ਪੂਰੀ ਹੋਣ ਅਤੇ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਹੀ ਕੇਸ ਨੂੰ ਫਾਸਟ-ਟਰੈਕ ਕੀਤਾ ਜਾਵੇਗਾ ਜਾਂ ਅਦਾਲਤ ਵਿੱਚ ਭੇਜਿਆ ਜਾਵੇਗਾ।
ਪੁਲਸ ਪ੍ਰਸ਼ਾਸਨ ਉਤੇ ਭੜਕੀ ਔਰਤ
ਉਥੇ ਹੀ ਭੋਗ ਵਿਚ ਸ਼ਾਮਲ ਹੋਣ ਆਈ ਇਕ ਔਰਤ ਨੇ ਸਰਕਾਰਾਂ ਤੇ ਪੁਲਸ ਖਿਲਾਫ ਆਪਣੀ ਭੜਾਸ ਰੱਜ ਕੇ ਕੱਢੀ। ਉਕਤ ਔਰਤ ਨੇ ਕਿਹਾ ਕਿ ਜਦੋਂ ਵਾਰਦਾਤ ਤੋਂ ਬਾਅਦ ਪੁਲਸ ਆਈ ਤਾਂ ਉਨ੍ਹਾਂ ਨੂੰ ਉਕਤ ਘਰ ਵਿਚੋਂ ਲੜਕੀ ਕਿਉਂ ਨਹੀਂ ਲੱਭੀ, ਪੁਲਸ ਚਾਹਾਂ ਪੀ ਕੇ ਤੁਰਦੇ ਬਣੇ। ਉਸ ਤੋਂ ਬਾਅਦ ਮੁਹੱਲੇ ਵਾਲਿਆਂ ਨੇ ਹਿੰਮਤ ਕਰ ਕੇ ਲੜਕੀ ਦੀ ਲਾਸ਼ ਉਸੇ ਘਰ ਵਿਚੋਂ ਬਰਾਮਦ ਕੀਤੀ। ਉਕਤ ਔਰਤ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਮੁਲਜ਼ਮ ਨੂੰ ਸਾਡੇ ਹਵਾਲੇ ਇਕ ਘੰਟੇ ਲਈ ਕੀਤਾ ਜਾਵੇ, ਅਸੀਂ ਉਸ ਨੂੰ ਸਜ਼ਾ ਦੇਵਾਂਗੇ। ਇਸ ਤਰ੍ਹਾਂ ਔਰਤ ਨੇ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਉਤੇ ਕਾਫੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ।