ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 8ਵੀਂ, 10ਵੀਂ ਅਤੇ 12ਵੀਂ ਜਮਾਤਾਂ ਦੇ ਪ੍ਰਸ਼ਨ-ਪੱਤਰਾਂ ਵਿੱਚ ਵੱਡਾ ਬਦਲਾਅ ਕਰਦਿਆਂ ਨਵਾਂ ਪੈਟਰਨ ਲਾਗੂ ਕਰ ਦਿੱਤਾ ਹੈ। ਇਸ ਨਾਲ ਜੁੜੇ ਖਾਸ ਦਿਸ਼ਾ-ਨਿਰਦੇਸ਼ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਹਨ, ਤਾਂ ਜੋ ਸਕੂਲ ਪੱਧਰ ’ਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਨਵੇਂ ਪੈਟਰਨ ਅਨੁਸਾਰ ਤਿਆਰ ਕਰਾਇਆ ਜਾ ਸਕੇ।
ਘੱਟੋ-ਘੱਟ 25% ਪ੍ਰਸ਼ਨ ਸਿੱਧੇ ਪਾਠ ਸਮੱਗਰੀ ਤੋਂ ਲਏ ਜਾਣਗੇ
ਪਹਿਲਾ ਪ੍ਰਸ਼ਨ ਪੱਤਰ ‘ਚ 40 % ਹਿੱਸਾ ਅਬਜੇਕਟਿਵ ਹੁੰਦਾ ਸੀ, ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀ ਸਿਰਫ਼ ਵਿਕਲਪ-ਅਧਾਰਤ ਪ੍ਰਸ਼ਨ ਯਾਦ ਕਰਕੇ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਦੇ ਸਨ। ਹੁਣ ਤੱਕ ਜ਼ਿਆਦਾਤਰ ਪ੍ਰਸ਼ਨ ਪ੍ਰਸ਼ਨ ਬੈਂਕ ਜਾਂ ਅਭਿਆਸ ਪ੍ਰਸ਼ਨਾਂ ਤੱਕ ਸੀਮਤ ਰਹਿੰਦੇ ਸਨ, ਹੁਣ ਘੱਟੋ ਘੱਟ 25% ਪ੍ਰਸ਼ਨ ਸਿੱਧੇ ਪਾਠ ਸਮੱਗਰੀ ਤੋਂ ਲਏ ਜਾਣਗੇ, 75% ਅਭਿਆਸ ਪ੍ਰਸ਼ਨਾਂ ਅਤੇ ਪ੍ਰਸ਼ਨ ਬੈਂਕ ਤੋਂ ਆਉਣਗੇ।
ਇਸ ਫੈਸਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੱਟੇ ਮਾਰਨ ਤੋਂ ਦੂਰ ਕਰਨਾ ਅਤੇ ਵਿਸ਼ੇ ਦੀ ਡੂੰਘਾਈ ਅਤੇ ਸਮਝ ਦੇ ਆਧਾਰ ‘ਤੇ ਉਨ੍ਹਾਂ ਦਾ ਮੁਲਾਂਕਣ ਕਰਨਾ ਹੈ। ਇਸ ਬਦਲਾਅ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਵਿੱਚ ਤਰਕਸ਼ੀਲ ਸੋਚ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਵਿਸ਼ੇ ਨੂੰ ਸਮਝਣ ਲਈ ਮਜਬੂਰ ਕਰਨਾ। ਬੋਰਡ ਦਾ ਮੰਨਣਾ ਹੈ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਸਿਰਫ਼ ਰੱਟੇ ਮਾਰਨ ਨਾਲ ਸਿੱਖਣਾ ਵਿਦਿਆਰਥੀਆਂ ਦੇ ਭਵਿੱਖ ਲਈ ਕਾਫ਼ੀ ਨਹੀਂ ਹੈ। ਬੋਰਡ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਪੁਰਾਣੇ ਪੈਟਰਨ ਅਨੁਸਾਰ ਵਿਦਿਆਰਥੀਆਂ ਨੂੰ ਤਿਆਰੀ ਨਾ ਕਰਨ ਦਾ ਆਦੇਸ਼ ਦਿੱਤਾ ਹੈ।



