ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਤੇ ਜਲੰਧਰ ਤੋਂ ਬਾਅਦ ਹੁਣ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਮਿਲੀ ਹੈ। ਮੀਡੀਆ ਰਿਪੋਰਟ ਮੁਤਾਬਕ ਸ਼ਹਿਰ ਦੇ ਸੱਤ ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਦੇ ਨਾਲ ਹੀ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ਸਥਿਤ ਇੱਕ ਸਕੂਲ ਨੂੰ ਵੀ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਗਈ। ਇਹ ਧਮਕੀ ਈ-ਮੇਲ ਰਾਹੀਂ ਭੇਜੀ ਗਈ।
ਸਕੂਲਾਂ ਨੂੰ ਕਰਵਾਇਆ ਗਿਆ ਖਾਲੀ
ਇਸ ਬਾਰੇ ਪਤਾ ਲੱਗਦੇ ਹੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ਵਿਚ ਆ ਗਿਆ। ਤੁਰੰਤ ਹੀ ਸਾਰੇ ਸਕੂਲ ਖਾਲੀ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਭੇਜ ਦਿੱਤਾ ਗਿਆ। ਮਾਪਿਆਂ ਨੂੰ ਵੀ ਤੁਰੰਤ ਸੂਚਿਤ ਕੀਤਾ ਗਿਆ।
ਪੁਲਿਸ, ਬੰਬ ਸਕੁਐਡ ਤੇ ਡੌਗ ਸਕੁਐਡ ਮੌਕੇ ਉਤੇ
ਮੌਕੇ ਉਤੇ ਪੁਲਸ, ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਐਸਓਜੀ ਦੀਆਂ ਟੀਮਾਂ ਮੌਕੇ ’ਤੇ ਤਾਇਨਾਤ ਹਨ ਤੇ ਜਾਂਚ ਕਰ ਰਹੀਆਂ ਹਨ। ਸਕੂਲਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਕ੍ਰਾਈਮ ਦੀ ਟੀਮ ਜਾਂਚ ਕਰ ਰਹੀ ਹੈ ਕਿ ਈ-ਮੇਲ ਕਿਥੋਂ ਆਈ ਤੇ ਕਿਸ ਨੇ ਭੇਜੀ।
ਇਨ੍ਹਾਂ ਸਕੂਲਾਂ ਨੂੰ ਮਿਲੀ ਧਮਕੀ
ਧਮਕੀ ਪ੍ਰਾਪਤ ਕਰਨ ਵਾਲੇ ਸਕੂਲਾਂ ਵਿੱਚ ਜ਼ੇਬਰ ਸਕੂਲ, ਜ਼ਾਇਡਸ ਸਕੂਲ, ਮਹਾਰਾਜਾ ਅਗਰਸੇਨ ਸਕੂਲ, ਡਿਵਾਈਨ ਚਾਈਲਡ ਸਕੂਲ, ਨਿਰਮਾਣ ਸਕੂਲ, ਜੈਮਸ ਐਂਡ ਜੈਨੇਸਿਸ, ਡੀਏਵੀ ਇੰਟਰਨੈਸ਼ਨਲ ਸਕੂਲ ਅਤੇ ਕਲੋਲ ਦਾ ਆਵਿਸ਼ਕਾਰ ਸਕੂਲ ਸ਼ਾਮਲ ਹਨ।