ਖਬਰਿਸਤਾਨ ਨੈੱਟਵਰਕ– ਜਲੰਧਰ ਵਿੱਚ ਪੈਟਰੋਲ ਪੰਪ ਦੇ ਬਾਹਰ ਗੋਲੀਆਂ ਚੱਲਣ ਦੇ ਮਾਮਲੇ ਵਿਚ ਪੁਲਸ ਦਾ ਬਿਆਨ ਸਾਹਮਣੇ ਆਇਆ ਹੈ। ਫਾਇਰਿੰਗ ਵਿੱਚ 2 ਨੌਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਸ ਘਟਨਾ ਦਾ ਕਾਲਜ ਦੀ ਪ੍ਰਧਾਨਗੀ ਨਾਲ ਕੋਈ ਸਬੰਧ ਨਹੀਂ ਹੈ। ਨਾਲ ਹੀ ਪੁਲਿਸ ਸ਼ੁਰੂ ਵਿੱਚ ਸੀਸੀਟੀਵੀ ਫੁਟੇਜ ਹੋਣ ਤੋਂ ਵੀ ਇਨਕਾਰ ਕਰਦੀ ਰਹੀ, ਹਾਲਾਂਕਿ ਬਾਅਦ ਵਿੱਚ ਪੰਪ ਦਫ਼ਤਰ ਤੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਕਿਸ਼ਨਗੜ੍ਹ ਦੇ ਰਹਿਣ ਵਾਲੇ ਹਨ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਇਸ ਘਟਨਾ ਦੀ ਇੱਕ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੋਲੀਆਂ ਚੱਲਣ ਨਾਲ ਪੈਟਰੋਲ ਪੰਪ ‘ਤੇ ਅਚਾਨਕ ਭਗਦੜ ਮਚ ਗਈ। ਘਟਨਾ ਵੇਲੇ ਪੰਪ ਦੇ ਬਾਹਰ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਨੌਜਵਾਨ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਦੂਜੇ ਪੱਖ ਦੇ ਨੌਜਵਾਨ ਗੱਡੀਆਂ ਛੱਡ ਕੇ ਪੈਦਲ ਹੀ ਭੱਜਣ ਲੱਗ ਪਏ। ਇਸ ਕਾਰਨ ਪੂਰੇ ਪੰਪ ‘ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਅਨੁਸਾਰ ਫਾਇਰਿੰਗ ਦੌਰਾਨ ਕਰੀਬ 10 ਤੋਂ 15 ਰਾਊਂਡ ਚਲਾਏ ਗਏ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਛਾਤੀ ਵਿੱਚ ਅਤੇ ਦੂਜੇ ਦੀ ਮੋਢੇ ਵਿੱਚ ਗੋਲੀ ਲੱਗੀ ਹੈ। ਦੋਵੇਂ ਜ਼ਖ਼ਮੀਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।